ਇਤਿਹਾਸ ਦੀ ਡਾਇਰੀ : ਭਾਰਤ ਨੇ ਅੱਜ ਦੇ ਦਿਨ ਕੀਤੀ ਸੀ ਏਸ਼ੀਅਨ ਗੇਮਜ਼ ਦੀ ਮੇਜ਼ਬਾਨੀ (ਵੀਡੀਓ)

03/04/2020 1:19:41 PM

ਜਲੰਧਰ (ਬਿਊਰੋ) - ਇਤਿਹਾਸ ਆਪਣੇ ਆਪ 'ਚ ਕਈ ਮਹੱਤਵਪੂਰਣ ਕਿੱਸੇ ਅਤੇ ਘਟਨਾਵਾਂ ਸਮੇਟੀ ਬੈਠਾ ਹੈ। ਦੁਨੀਆ 'ਚ ਹਰ ਦਿਨ ਕੁਝ ਨਾ ਕੁਝ ਖਾਸ ਜ਼ਰੂਰ ਵਾਪਰਿਆ, ਜਿਸ ਨੇ ਉਸ ਨੂੰ ਇਤਿਹਾਸ ਦੇ ਪੰਨਿਆ 'ਚ ਸ਼ਾਮਲ ਕਰਕੇ ਰੱਖ ਦਿੱਤਾ। ਅਸੀਂ ਦੇਸ਼ ਅਤੇ ਦੁਨੀਆ ਦੇ ਇਸ ਰੌਚਕ ਇਤਿਹਾਸ ਨੂੰ ਇਕ ਸਿਸਟਮੈਟਿਕ ਮਾਧਿਅਮ ਦੇ ਰਾਹੀਂ ਤੁਹਾਡੇ ਸਾਹਮਣੇ ਲਿਆਉਂਦੇ ਹਾਂ। ਜਗਬਾਣੀ ਦੇ ਟੀਵੀ ’ਤੇ ਚੱਲ ਰਹੇ ਪ੍ਰੋਗਰਾਮ ‘ਇਤਿਹਾਸ ਦੀ ਡਾਇਰੀ’ ਦੀ ਇਸ ਕੜੀ 'ਚ ਅੱਜ ਤੁਹਾਨੂੰ ਅਸੀਂ 4 ਮਾਰਚ ਨਾਲ ਜੁੜੀਆਂ ਮਹੱਤਵਪੂਰਣ ਘਟਨਾਵਾਂ ਦੇ ਬਾਰੇ ਜਾਣਕਾਰੀ ਦੇਵਾਂਗੇ। ਅੱਜ ਦੇ ਦਿਨ ਭਾਵ 4 ਮਾਰਚ ਨੂੰ ਆਜ਼ਾਦ ਭਾਰਤ ਨੇ ਇਤਿਹਾਸ ਰਚਦੇ ਹੋਏ ਪਹਿਲੀ ਵਾਰ ਏਸ਼ੀਅਨ ਗੇਮਜ਼ ਦੀ ਮੇਜ਼ਬਾਨੀ ਕੀਤੀ। ਦੱਸ ਦੇਈਏ ਕਿ ਏਸ਼ੀਅਨ ਗੇਮਜ਼ ਦਾ ਆਗਾਜ਼ ਵੀ ਪਹਿਲੀ ਵਾਰ ਭਾਰਤ 'ਚ ਹੀ ਹੋਇਆ ਸੀ। ਇਸ ਤੋਂ ਇਲਾਵਾ ਅੱਜ ਅਸੀਂ ਤੁਹਾਨੂੰ ਫਾਰ ਇਸਟਰਨ ਗੇਮਜ਼ ਦੇ ਏਸ਼ੀਅਨ ਗੇਮਜ਼ 'ਚ ਬਦਲਣ ਦੀ ਰੌਚਕ ਕਹਾਣੀ ਦੇ ਬਾਰੇ ਵੀ ਦੱਸਾਂਗੇ।  

1951 'ਚ ਭਾਰਤ ਦੀ ਨਵੀਂ ਦਿੱਲੀ 'ਚ ਪਹਿਲੀ ਵਾਰ ਹੋਈਆਂ ਏਸ਼ੀਅਨ ਗੇਮਜ਼ ਦਾ ਇਤਿਹਾਸ 
ਦੁਨੀਆ 'ਚ ਮਸ਼ਹੂਰ ਏਸ਼ੀਅਨ ਗੇਮਜ਼ ਦਾ ਆਗਾਜ਼ ਆਜ਼ਾਦ ਭਾਰਤ 'ਚ ਸਾਲ 1951 'ਚ ਕੀਤਾ ਗਿਆ। 4 ਮਾਰਚ ਤੋਂ 11 ਮਾਰਚ ਤੱਕ ਚੱਲੀਆਂ ਇਹ ਖੇਡਾਂ ਪਹਿਲਾ ਸਾਲ 1950 'ਚ ਕਰਵਾਈਆਂ ਜਾਣੀਆਂ ਸਨ ਪਰ ਇਸ ਦੀਆਂ ਤਿਆਰੀਆਂ 'ਚ ਸਮਾਂ ਲੱਗਣ ਕਾਰਨ ਇਹ ਖੇਡਾਂ 4 ਮਾਰਚ 1951 ਨੂੰ ਨਵੀਂ ਦਿੱਲੀ 'ਚ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ 'ਚ ਸ਼ੁਰੂ ਹੋਈਆਂ। ਇੰਨ੍ਹਾਂ ਖੇਡਾਂ 'ਚ 11 ਦੇਸ਼ਾਂ ਦੇ 489 ਖਿਡਾਰੀਆਂ ਨੇ ਹਿੱਸਾ ਲਿਆ ਅਤੇ 8 ਖੇਡਾਂ ਦੇ 57 ਮੁਕਾਬਲਿਆਂ 'ਚ ਆਪਣੀ ਚੁਣੌਤੀ ਪੇਸ਼ ਕੀਤੀ। ਪਹਿਲੀ ਵਾਰ ਆਯੋਜਿਤ ਹੋਈਆਂ ਇੰਨ੍ਹਾਂ ਖੇਡਾਂ ਦਾ ਉਦਘਾਟਨ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੀ ਮੌਜੂਦ ਸਨ। ਇਨ੍ਹਾਂ ਖੇਡਾਂ ਨੂੰ ਦੇਖਣ ਲਈ ਸਟੇਡੀਅਮ 'ਚ 40 ਹਜ਼ਾਰ ਦਰਸ਼ਕਾਂ ਵਲੋਂ ਸ਼ਿਰਕਤ ਕੀਤੀ ਗਈ।

PunjabKesari

ਏਸ਼ੀਅਨ ਗੇਮਜ਼ ਫੇਡਰੇਸ਼ਨ ਦੇ ਪ੍ਰਧਾਨ ਐੱਚ. ਆਰ. ਐੱਚ. ਯਾਦਵਿੰਦਰ ਸਿੰਘ ਅਤੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਦੇ ਭਾਸ਼ਣ ਨਾਲ ਇੰਨ੍ਹਾਂ ਖੇਡਾਂ ਦਾ ਆਗਾਜ਼ ਹੋਇਆ। ਆਪਣੇ ਭਾਸ਼ਣ 'ਚ ਰਾਜਿੰਦਰ ਪ੍ਰਸਾਦ ਨੇ ਕਿਹਾ ਸੀ ਕਿ ਏਸ਼ੀਅਨ ਗੇਮਜ਼ ਸਾਰੇ ਦੇਸ਼ਾਂ ਦੇ ਨਾਲ ਚੰਗਾ ਤਾਲਮੇਲ ਤੇ ਸਾਡੀ ਦੋਸਤੀ ਨੂੰ ਦਿਖਾਉਂਦੇ ਹਨ। ਇਨ੍ਹਾਂ ਖੇਡਾਂ 'ਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 15 ਸੋਨੇ, 16 ਰਜਤ ਤੇ 20 ਕਾਂਸੇ ਸਮੇਤ ਕੁੱਲ 51 ਤਮਗੇ ਜਿੱਤ ਕੇ ਦੂਜੇ ਨੰਬਰ 'ਤੇ ਆਪਣਾ ਕਬਜ਼ਾ ਜਮਾ ਲਿਆ। ਜਾਪਾਨ 24 ਸੋਨੇ ਸਮੇਤ ਕੁਲ 60 ਤਮਗੇ ਜਿੱਤ ਕੇ ਪਹਿਲੇ ਨੰਬਰ 'ਤੇ ਰਿਹਾ, ਜਦਕਿ ਈਰਾਨ 8 ਸੋਨੇ ਦੇ ਤਮਗਿਆਂ ਸਮੇਤ 16 ਤਮਗੇ ਜਿੱਤ ਕੇ ਤੀਜੇ ਨੰਬਰ 'ਤੇ ਰਿਹਾ। 

ਏਸ਼ੀਅਨ ਗੇਮਜ਼ ਦਾ ਇਹ ਨਾਂ ਕਿਵੇਂ ਪਿਆ ਅਤੇ ਇਸ ਤੋਂ ਪਹਿਲਾਂ ਇਸ ਦਾ ਕੀ ਨਾਂ ਸੀ?
ਏਸ਼ੀਆਈ ਖੇਡਾਂ ਤੋਂ ਪਹਿਲਾਂ ਇੰਨ੍ਹਾਂ ਖੇਡਾਂ ਨੂੰ ਫਾਰ ਇਸਟਰਨ ਗੇਮਜ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪਹਿਲੀ ਵਾਰ ਇਨ੍ਹਾਂ ਖੇਡਾਂ ਦਾ ਆਯੋਜਨ ਮਨੀਲਾ 'ਚ ਕੀਤਾ ਗਿਆ ਸੀ। ਉਸ ਤੋਂ ਬਾਅਦ 1934 ਤੱਕ ਲਗਾਤਾਰ ਇਹ ਖੇਡ ਆਯੋਜਿਤ ਹੁੰਦੇ ਰਹੇ। 1937 'ਚ ਚੀਨ-ਜਾਪਾਨ ਯੁੱਧ ਸ਼ੁਰੂ ਹੋਣ ਮਗਰੋ 1938 'ਚ ਓਸਾਕਾ (ਜਾਪਾਨ) 'ਚ ਹੋਣ ਵਾਲੀਆਂ ਇਨ੍ਹਾਂ ਖੇਡਾਂ ਨੂੰ ਰੱਦ ਕਰ ਦਿੱਤਾ ਗਿਆ। ਵਿਸ਼ਵ ਯੁੱਧ ਤੋਂ ਬਾਅਦ 1948 'ਚ ਲੰਦਨ 'ਚ ਹੋਏ ਓਲਪਿੰਕ ਖੇਡਾਂ 'ਚ ਇਕ ਵਾਰ ਫਿਰ ਫਾਰ ਈਸਟਰਨ ਗੇਮਜ਼ ਨੂੰ ਸ਼ੁਰੂ ਕਰਨ 'ਤੇ ਚਰਚਾ ਕੀਤੀ ਗਈ। ਭਾਰਤੀ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਉਸ ਸਮੇਂ ਦੇ ਪ੍ਰਤੀਨਿਧੀ ਗੁਰੂ ਦੱਤ ਸੌਂਧੀ, ਜੋ ਇਨ੍ਹਾਂ ਖੇਡਾਂ ਦੀ ਬਹਾਲੀ ਦੇ ਹੱਕ 'ਚ ਨਹੀਂ ਸਨ। ਉਨ੍ਹਾਂ ਨੇ ਖੇਡ ਪ੍ਰਤੀਨਿਧੀਆਂ ਦੇ ਸਾਹਮਣੇ ਨਵੇਂ ਨਾਂ ਨਾਲ ਇਨ੍ਹਾਂ ਖੇਡਾਂ ਨੂੰ ਏਸ਼ੀਅਨ ਗੇਮਜ਼ ਦੇ ਰੂਪ 'ਚ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਸਭ ਨੇ ਮੰਨ ਲਿਆ। 

 ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਈ ਏਸ਼ੀਆਈ ਰਾਸ਼ਟਰਾਂ ਨੂੰ ਸੁਤੰਤਰਤਾ ਹਾਸਲ ਹੋਈ। ਨਵ-ਸੁਤੰਤਰਤਾ ਏਸ਼ੀਆਈ ਦੇਸ਼ਾਂ ਨੇ ਇਕ ਅਜਿਹੇ ਮੁਕਾਬਲੇ ਦੇ ਆਯੋਜਨ ਦਾ ਸਮਰਥਨ ਕੀਤਾ, ਜਿਸ ਨਾਲ ਵਿਸ਼ਵ ਨੂੰ ਏਸ਼ੀਆਈ ਪ੍ਰਭੁਤਵ (ਦਬਦਬਾ) ਦਿਖਾਇਆ ਜਾ ਸਕੇ। ਏਸ਼ੀਅਨ ਏਥਲੈਟਿਕਸ ਫੇਡਰੇਸ਼ਨ ਨੇ ਵੀ ਇਸ 'ਤੇ ਆਪਣੀ ਮੁਹਰ ਲਗਾ ਦਿੱਤੀ ਤੇ ਇਸ ਦਾ ਨਵਾਂ ਰੂਪ ਤਿਆਰ ਕਰਨ ਲਈ ਕਮੇਟੀ ਗਠਿਤ ਕੀਤੀ। 13 ਫਰਵਰੀ 1949 ਨੂੰ ਏਸ਼ੀਅਨ ਏਥਲੈਟਿਕਸ ਫੇਡਰੇਸ਼ਨ ਦੀ ਏਸ਼ੀਅਨ ਗੇਮਜ਼ ਫੇਡਰੇਸ਼ਨ ਦੇ ਨਾਲ ਪਹਿਲੀ ਬੈਠਕ ਹੋਈ, ਜਿਸ 'ਚ ਪਹਿਲੇ ਏਸ਼ੀਅਨ ਗੇਮਜ਼ 1950 'ਚ ਕਰਵਾਉਣ ਦਾ ਐਲਾਨ ਕੀਤਾ ਗਿਆ। ਬੁਨਿਆਦੀ ਤਿਆਰੀਆਂ ਦੇ ਚਲਦੇ ਇਨ੍ਹਾਂ ਖੇਡਾਂ ਦਾ ਸਮਾਂ ਅੱਗੇ ਵਧਾਉਣਾ ਪਿਆ। ਜ਼ਿਕਰਯੋਗ ਹੈ ਕਿ 1951 ਤੋਂ ਲੈ 1978 ਤੱਕ ਇਨ੍ਹਾਂ ਖੇਡਾਂ ਦਾ ਆਯੋਜਨ ਏਸ਼ੀਅਨ ਗੇਮਜ਼ ਫੇਡਰੇਸ਼ਨ ਵਲੋਂ ਕੀਤਾ ਜਾਂਦਾ ਸੀ ਪਰ 1982 ਤੋਂ ਇਹ ਏਸ਼ੀਆਈ ਓਲਪਿੰਕ ਕਾਊਂਸਲ ਓ.ਸੀ.ਏ. ਵਲੋਂ ਆਯੋਜਿਤ ਕੀਤੇ ਜਾ ਰਹੇ ਹਨ। ਅਜੇ ਤੱਕ 9 ਦੇਸ਼ਾਂ ਨੂੰ ਹੀ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ ਹੈ। ਦੱਸ ਦੇਈਏ ਕਿ 1951 ਤੋਂ ਹੁਣ ਤੱਕ ਭਾਰਤ ਏਸ਼ੀਆਈ ਖੇਡਾਂ 'ਚ ਕੁਲ 616 ਮੈਡਲਾਂ ਨਾਲ 139 ਗੋਲਡ, 178 ਸਿਲਵਰ ਤੇ 299 ਬ੍ਰਾਂਜ਼ ਮੈਡਲ ਜਿੱਤ ਚੁੱਕਾ ਹੈ। 

PunjabKesari

4 ਮਾਰਚ ਨੂੰ ਵਾਪਰੀਆਂ ਹੋਰ ਮਹੱਤਵਪੂਰਣ ਘਟਨਾਵਾਂ 
. 1788 ’ਚ ਅੱਜ ਦੇ ਦਿਨ ਕੋਲਕਾਤਾ ਗਜਟ, ਸਮਾਚਾਰ ਪੱਤਰ ਦਾ ਪ੍ਰਕਾਸ਼ਨ ਹੋਇਆ, ਜਿਸ ਨੂੰ 'ਗਜਟ ਆਫ ਗਵਰਨਮੈਂਟ ਆਫ ਵੈਸਟ ਬੰਗਾਲ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।  
. 1930 'ਚ ਅੱਜ ਦੇ ਦਿਨ ਫ੍ਰਾਂਸ 'ਚ ਆਏ ਭਿਆਨਕ ਹੜ੍ਹ 'ਚ ਕਰੀਬ 700 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।
. ਅੱਜ ਦੇ ਦਿਨ 1961 ’ਚ ਦੇਸ਼ ਦੇ ਪਹਿਲੇ ਜੰਗੀ ਬੇੜੇ ਆਈ. ਐੱਨ. ਐੱਸ. ਵਿਕਰਾਂਤ ਨੂੰ ਫੌਜ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ।
. ਅੱਜ ਦੇ ਦਿਨ ਰਾਜਸਥਾਨ ਦੇ ਪੋਖਰਨ ਤੋਂ 2009 'ਚ ਬ੍ਰਹਮੋਸ ਮਿਜ਼ਾਇਲ ਦੇ ਨਵੇਂ ਸੰਸਕਣ ਦਾ ਪ੍ਰੀਖਣ ਕੀਤਾ ਗਿਆ।

ਜਨਮ
1921 ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਫਣੀਸ਼ਰਨਾਥ ਰੇਣੂ ਦਾ ਜਨਮ ਹੋਇਆ।
1922 'ਚ ਪ੍ਰਸਿੱਧ ਗੁਜਰਾਤੀ ਰੰਗਮੰਚ ਤੇ ਫਿਲਮ ਅਭਿਨੇਤਰੀ ਦੀਨਾ ਪਾਠਕ ਦਾ ਜਨਮ।
1980 'ਚ ਭਾਰਤੀ ਟੇਨਿਸ ਖਿਡਾਰੀ ਰੋਹਨ ਬੋਪੰਨਾ ਦਾ ਜਨਮ।

ਦਿਹਾਂਤ
1899 'ਚ ਮੱਧ ਪ੍ਰਦੇਸ਼ ਦੇ ਵਿਜੈ ਰਾਘਵਗੜ੍ਹ ਦੇ ਰਾਜਕੁਮਾਰ ਤੇ ਪ੍ਰਸਿੱਧ ਸਾਹਿਤਕਾਰ ਠਾਕੁਰ ਜਗਮੋਹਨ ਸਿੰਘ ਦਾ ਦਿਹਾਂਤ।
1928 'ਚ ਪ੍ਰਸਿੱਧ ਭਾਰਤੀ ਆਗੂ ਸਤਯੇਂਦਰ ਪ੍ਰਸੰਨ ਸਿੰਨ੍ਹਾ ਦਾ ਦਿਹਾਂਤ।
1939 ਭਾਰਤ ਦੇ ਪ੍ਰਸਿੱਧ ਕ੍ਰਾਂਤੀਕਾਰੀ ਤੇ ਗਦਰ ਪਾਰਟੀ ਦੇ ਸੰਸਥਾਪਕ ਲਾਲਾ ਹਰਦਿਆਲ ਦਾ ਦਿਹਾਂਤ।


rajwinder kaur

Content Editor

Related News