ਜਲੰਧਰ ''ਚ ਹੋਏ ਐਨਕਾਊਂਟਰ ਦੌਰਾਨ ASI ਨਿਸ਼ਾਨ ਸਿੰਘ ਦੀ ਪੱਗ ''ਚ ਗੋਲ਼ੀ ਵੱਜਣ ਕਾਰਨ ਬਚੀ ਜਾਨ

Monday, Jan 22, 2024 - 11:50 AM (IST)

ਜਲੰਧਰ ''ਚ ਹੋਏ ਐਨਕਾਊਂਟਰ ਦੌਰਾਨ ASI ਨਿਸ਼ਾਨ ਸਿੰਘ ਦੀ ਪੱਗ ''ਚ ਗੋਲ਼ੀ ਵੱਜਣ ਕਾਰਨ ਬਚੀ ਜਾਨ

ਜਲੰਧਰ (ਵਰੁਣ)-ਟਾਰਗੈੱਟ ਕਿਲਿੰਗ ਲਈ ਆਈ-20 ਕਾਰ ਵਿਚ ਰੇਕੀ ਕਰ ਰਹੇ ਲਾਰੈਂਸ ਬਿਸ਼ਨੋਈ ਗਿਰੋਹ ਦੇ 2 ਗੈਂਗਸਟਰਾਂ ਨੂੰ ਕਮਿਸ਼ਨਰੇਟ ਪੁਲਸ ਨੇ ਬੀਤੇ ਦਿਨ ਸਵੇਰੇ ਤਿਲਕ ਨਗਰ, ਨਾਖਾਂ ਵਾਲੇ ਬਾਗ ਰੋਡ ’ਤੇ ਘੇਰ ਲਿਆ। ਖ਼ੁਦ ਨੂੰ ਘਿਰਿਆ ਵੇਖ ਕੇ ਗੈਂਗਸਟਰਾਂ ਨੇ ਗੱਡੀ ਦੇ ਅੰਦਰੋਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਇਕ ਗੋਲ਼ੀ ਸੀ. ਆਈ. ਏ. ਸਟਾਫ਼ ਦੇ ਏ. ਐੱਸ. ਆਈ. ਨਿਸ਼ਾਨ ਸਿੰਘ ਦੀ ਪੱਗ ਵਿਚ ਵੱਜੀ ਪਰ ਉਹ ਵਾਲ-ਵਾਲ ਬਚੇ।

ਪੁਲਸ ਨੇ ਜਵਾਬੀ ਕਾਰਵਾਈ ਸ਼ੁਰੂ ਕੀਤੀ ਤਾਂ ਦੋਵੇਂ ਸਾਈਡ ਤੋਂ ਲਗਭਗ 17 ਫਾਇਰ ਕੀਤੇ ਗਏ। ਖ਼ੁਦ ਨੂੰ ਫਸਿਆ ਵੇਖ ਗੈਂਗਸਟਰਾਂ ਨੇ ਕਾਰ ’ਚੋਂ ਉਤਰ ਕੇ ਖਾਲੀ ਪਲਾਟ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ ਦੀ ਟੀਮ ਨੇ ਦੋਵਾਂ ਗੈਂਗਸਟਰਾਂ ਦੀਆਂ ਲੱਤਾਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਦੋਵਾਂ ਗੈਂਗਸਟਰਾਂ ਦੀਆਂ ਲੱਤਾਂ ’ਤੇ ਇਕ-ਇਕ ਗੋਲ਼ੀ ਲੱਗਣ ਤੋਂ ਬਾਅਦ ਉਹ ਹੇਠਾਂ ਡਿੱਗ ਗਏ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਕੋਲੋਂ 30 ਬੋਰ ਅਤੇ 32 ਬੋਰ ਦੇ ਦੋ ਪਿਸਤੌਲ ਬਰਾਮਦ ਹੋਏ ਹਨ ਜਦਕਿ 18 ਦੇ ਲਗਭਗ ਗੋਲ਼ੀਆਂ ਵੀ ਮਿਲੀਆਂ ਹਨ।

PunjabKesari

ਇਹ ਵੀ ਪੜ੍ਹੋ : ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਅੱਜ, AI ਬੇਸਡ ਹੈ ਹਾਈਟੈੱਕ ਸਕਿਓਰਿਟੀ, ਅਯੁੱਧਿਆ 'ਚ ਲੱਗੇ 10 ਹਜ਼ਾਰ CCTV ਕੈਮਰੇ

ਮੁਕਾਬਲੇ ਦੀ ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਸਵਪਨ ਸ਼ਰਮਾ, ਡੀ. ਸੀ. ਪੀ. ਹਰਵਿੰਦਰ ਸਿੰਘ ਵਿਰਕ, ਫਿੰਗਰ ਪ੍ਰਿੰਟ ਐਕਸਪਰਟ ਟੀਮ ਅਤੇ ਹੋਰ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀ ਗੈਂਗਸਟਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ। ਸੀ. ਪੀ. ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ ਗਿਰੋਹ ਦੇ 2 ਗੈਂਗਸਟਰ ਜਲੰਧਰ ’ਚ ਰੇਕੀ ਕਰਦੇ ਘੁੰਮ ਰਹੇ ਹਨ, ਜਿਨ੍ਹਾਂ ਦੇ ਨਿਸ਼ਾਨੇ ’ਤੇ 2 ਵਿਅਕਤੀ ਸਨ। ਮੁਲਜ਼ਮ ਲਾਰੈਂਸ ਦੇ ਨਜ਼ਦੀਕੀ ਮੰਨੇ ਜਾਂਦੇ ਜਸਮੀਤ ਉਰਫ਼ ਲੱਕੀ ਦੇ ਸੰਪਰਕ ਵਿਚ ਸਨ ਅਤੇ ਲੱਕੀ ਨੇ ਉਨ੍ਹਾਂ ਨੂੰ ਟਾਰਗੈੱਟ ਦਿੱਤਾ ਸੀ। ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮਾਂ ਨੇ ਇਕ ਬਿਜ਼ਨੈੱਸਮੈਨ ਅਤੇ ਨੇਤਾ ਦੀ ਟਾਰਗੈੱਟ ਕਿਲਿੰਗ ਕਰਨੀ ਸੀ, ਜਿਨ੍ਹਾਂ ਦੀ ਪੈਸਿਆਂ ਦੀ ਡੀਲ ਵੀ ਹੋ ਚੁੱਕੀ ਸੀ। ਹਾਲਾਂਿਕ ਸੀ. ਪੀ. ਨੇ ਇਸ ਨੂੰ ਜਾਂਚ ਦਾ ਹਿੱਸਾ ਦੱਸਿਆ ਅਤੇ ਪੁੱਛਗਿੱਛ ਤੋਂ ਬਾਅਦ ਟਾਰਗੈੱਟ ਕੀਤੇ ਲੋਕਾਂ ਦੇ ਨਾਂ ਜਨਤਕ ਕਰਨ ਦੀ ਗੱਲ ਕਹੀ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਆਸ਼ੀਸ਼ ਨਿਵਾਸੀ ਬੁੱਲ੍ਹੋਵਾਲ ਹੁਸ਼ਿਆਰਪੁਰ ਅਤੇ ਨਿਤਿਨ ਨਿਵਾਸੀ ਜਲੰਧਰ ਵਜੋਂ ਹੋਈ ਹੈ। ਆਸ਼ੀਸ਼ ਖ਼ਿਲਾਫ਼ ਪਹਿਲਾਂ ਤੋਂ ਹੱਤਿਆ, ਸੁਪਾਰੀ ਕਿਲਿੰਗ, ਫਿਰੌਤੀ ਆਦਿ ਦੇ ਕੇਸ ਹਨ, ਜੋ ਕੁਝ ਕੇਸਾਂ ਵਿਚ ਕਾਫ਼ੀ ਸਮੇਂ ਤੋਂ ਭਗੌੜਾ ਵੀ ਹੈ। ਇਸ ਤੋਂ ਇਲਾਵਾ ਨਿਤਿਨ ਖ਼ਿਲਾਫ਼ ਕਤਲ ਅਤੇ ਸਮੱਗਲਿੰਗ ਦੇ ਕੇਸ ਦਰਜ ਹਨ। ਗੈਂਗਸਟਰਾਂ ਤੋਂ ਬਰਾਮਦ ਹੋਈ ਆਈ 20 ਕਾਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਇਹ ਵੀ ਚੋਰੀ ਜਾਂ ਲੁੱਟ ਦੀ ਨਾ ਹੋਵੇ। ਮੁਲਜ਼ਮ ਗੈਂਗਸਟਰ ਬਿੰਨੀ ਗੁੱਜਰ ਦੇ ਵੀ ਬਹੁਤ ਨਜ਼ਦੀਕੀ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ : ਕਿਸਾਨਾਂ ਤੱਕ ਨਹੀਂ ਪਹੁੰਚੀਆਂ ਪਰਾਲੀ ਪ੍ਰਬੰਧਨ ਲਈ ਖ਼ਰੀਦੀਆਂ ਮਸ਼ੀਨਾਂ, 900 ਲੋਕਾਂ ਨੂੰ ਨੋਟਿਸ ਜਾਰੀ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News