ਕਪੂਰਥਲਾ ਦੇ ਡੀ. ਸੀ. ਚੌਂਕ ਨੇੜੇ ਵਾਪਰਿਆ ਵੱਡਾ ਹਾਦਸਾ, ਡਿਊਟੀ ਦੇ ਰਹੇ ASI ਦੀ ਤੜਫ਼-ਤੜਫ਼ ਕੇ ਹੋਈ ਮੌਤ
Tuesday, Jan 24, 2023 - 06:18 PM (IST)
ਕਪੂਰਥਲਾ (ਚੰਦਰ ਮਰਹੀਆ) : ਕਪੂਰਥਲਾ ਦੇ ਡੀ. ਸੀ. ਚੌਂਕ ਨੇੜੇ ਨਾਕੇ 'ਤੇ ਖੜ੍ਹੇ ਟ੍ਰੈਫਿਕ ਏ. ਐੱਸ. ਆਈ. ਦੇ ਛੋਟੇ ਹਾਥੀ ਦੀ ਲਪੇਟ 'ਚ ਆਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਏ. ਐੱਸ. ਆਈ. ਨੇ ਨਾਕੇ 'ਤੇ ਇਕ ਛੋਟੇ ਹਾਥੀ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਰੁਕਣ ਦੀ ਬਜਾਏ ਏ. ਐੱਸ. ਆਈ. ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਏ. ਐੱਸ. ਆਈ. ਦੀ ਪਛਾਣ ਮਲਕੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਅਜੀਤ ਨਗਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਇੰਗਲੈਂਡ-ਕੈਨੇਡਾ 'ਚ ਪੜ੍ਹਾਈ ਕਰਨਾ ਸੌਖਾ ਨਹੀਂ, ਪੰਜਾਬੀਆਂ ਨੂੰ 5 ਵੱਡੀਆਂ ਚੁਣੌਤੀਆਂ ਦਾ ਕਰਨਾ ਪੈਂਦਾ ਸਾਹਮਣਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਨੇ ਦੁਪਹਿਰ 2 ਵਜੇ ਦੇ ਕਰੀਬ ਡੀ. ਸੀ. ਚੌਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਕਰਤਾਰਪੁਰ ਵੱਲੋਂ ਇੱਕ ਛੋਟਾ ਹਾਥੀ ਆਇਆ, ਜਿਸ ਨੂੰ ਟ੍ਰੈਫਿਕ ਮੁਲਾਜ਼ਮਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਛੋਟੇ ਹਾਥੀ ਦੇ ਡਰਾਈਵਰ ਨੇ ਰੁਕਣ ਦੀ ਬਜਾਏ ਟ੍ਰੈਫਿਕ ਕਰਮਚਾਰੀਆਂ ਨੂੰ ਅਣਦੇਖਾ ਕਰਦੇ ਹੋਏ ਏ. ਐੱਸ. ਆਈ. ਨੂੰ ਟੱਕਰ ਮਾਰ ਦਿੱਤੀ ਅਤੇ ਛੋਟੇ ਹਾਥੀ ਨੂੰ ਜਲੰਧਰ ਵੱਲ ਭਜਾ ਕੇ ਲੈ ਗਿਆ। ਇਸ ਦੌਰਾਨ ਏ. ਐੱਸ. ਆਈ. ਮਲਕੀਤ ਸਿੰਘ ਦੀ ਜੈਕੇਟ ਛੋਟੇ ਹਾਥੀ 'ਚ ਫਸ ਗਈ ਅਤੇ ਚਾਲਕ ਉਸ ਨੂੰ ਘੜੀਸਦਾ ਹੋਇਆ ਕਾਫ਼ੀ ਦੂਰ ਤੱਕ ਲੈ ਗਿਆ।
ਇਹ ਵੀ ਪੜ੍ਹੋ- ਨਵਜੋਤ ਸਿੱਧੂ ਦੇ 'Grand Welcome' ਦੀਆਂ ਤਿਆਰੀਆਂ ਸ਼ੁਰੂ, ਮਹਾਨਗਰ ਲੁਧਿਆਣਾ 'ਚ ਲੱਗੇ ਬੋਰਡ
ਜ਼ਖ਼ਮੀ ਹੋਏ ਏ. ਐੱਸ. ਆਈ. ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ , ਜਿੱਥੇ ਉਸ ਦੀ ਮੌਤ ਹੋ ਗਈ। ਏ. ਐੱਸ. ਆਈ. ਦੀ ਮੌਤ ਦੀ ਪੁਸ਼ਟੀ ਟ੍ਰੈਫਿਕ ਇੰਚਾਰਜ ਸੁਖਵਿੰਦਰ ਸਿੰਘ ਨੇ ਕੀਤੀ ਹੈ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ। ਐੱਸ. ਪੀ. ਡੀ. ਹਰਵਿੰਦਰ ਸਿੰਘ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਛੋਟੇ ਹਾਥੀ ਦੇ ਡਰਾਈਵਰ ਨੂੰ ਕਾਬੂ ਕਰਨ ਲਈ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਲਦ ਹੀ ਛੋਟੇ ਹਾਥੀ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।