ਮੋਹਾਲੀ ''ਚ ਅਚਾਨਕ ਗੋਲੀ ਲੱਗਣ ਕਾਰਨ ਏ. ਐੱਸ. ਆਈ. ਦੀ ਮੌਤ
Saturday, Dec 12, 2020 - 10:50 AM (IST)
ਮੋਹਾਲੀ (ਪਰਦੀਪ) : ਇੱਥੇ ਸ਼ੁੱਕਰਵਾਰ ਨੂੰ ਅਚਾਨਕ ਗੋਲੀ ਲੱਗਣ ਕਾਰਨ ਇਕ ਏ. ਐੱਸ. ਆਈ. ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਕਾਰ ਸਿੰਘ (50) ਵਜੋਂ ਹੋਈ ਹੈ, ਜੋ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਚੁੰਨੀ ਕਲਾਂ ਦਾ ਵਸਨੀਕ ਹੈ, ਜੋ ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਪੁਲਸ ਨਾਕਾ ਡਿਊਟੀ ’ਤੇ ਸੀ। ਬਲਕਾਰ ਸਿੰਘ ਨੂੰ ਇੰਡੀਆ ਰਿਜ਼ਰਵ ਬਟਾਲੀਅਨ, ਪੰਜਾਬ ਵਿਖੇ ਏ. ਐੱਸ. ਆਈ. ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਸੀ।
ਮੋਹਾਲੀ ਦੇ ਐੱਸ. ਪੀ. (ਸਿਟੀ) ਐੱਚ. ਐੱਸ. ਵਿਰਕ ਨੇ ਕਿਹਾ ਕਿ ਬਲਕਾਰ ਸਿੰਘ ਆਪਣੇ ਬਟਾਲੀਅਨ ਦੇ ਮੈਂਬਰਾਂ ਨਾਲ ਪੁਲਸ ਨਾਕੇ ਨੇੜੇ ਇਕ ਟੈਂਟ ਅੰਦਰ ਆਰਾਮ ਕਰਨ ਲਈ ਬੈਠਾ ਹੋਇਆ ਸੀ। ਇਸ ਦੌਰਾਨ ਉਸ ਨੇ ਆਪਣੇ ਹਥਿਆਰ ਸਾਫ ਕਰਨੇ ਸ਼ੁਰੂ ਕਰ ਦਿੱਤੇ ਅਤੇ ਗੋਲੀ ਉਸ ਦੇ ਚਿਹਰੇ ’ਤੇ ਲੱਗੀ। ਏਅਰਪੋਰਟ ਥਾਣੇ ਦੇ ਅਧਿਕਾਰੀ ਸ਼ਿਵੀ ਬਰਾੜ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸਵੇਰੇ ਕਰੀਬ 11.30 ਵਜੇ ਵਾਪਰੀ, ਜਦੋਂ ਏ. ਐੱਸ. ਆਈ. ਬਲਕਾਰ ਸਿੰਘ ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਇਕ ਪੁਲਸ ਨਾਕੇ ਵਿਖੇ ਆਪਣੀ ਡਿਊਟੀ ’ਤੇ ਤਾਇਨਾਤ ਸੀ।
ਹਥਿਆਰ ਗੰਦਾ ਸੀ ਅਤੇ ਗੋਲੀ ਬੈਰਲ 'ਚ ਫਸ ਗਈ ਸੀ, ਜਿਸ ਨਾਲ ਅਚਾਨਕ ਗੋਲੀ ਚਲ ਗਈ, ਜਿਸ ਕਾਰਣ ਪੁਲਸ ਅਧਿਕਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਨੂੰ ਫੇਜ਼-6 ਦੇ ਸਿਵਲ ਹਸਪਤਾਲ 'ਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਸ਼ਨੀਵਾਰ ਨੂੰ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ।