ਏ. ਐੱਸ. ਆਈ. ਅਵਤਾਰ ਸਿੰਘ ਦੀ ਮੌਤ ਬਣ ਸਕਦੀ ਹੈ ਪੁਲਸ ਦੇ ਗਲ਼ੇ ਦੀ ਹੱਡੀ

08/14/2019 5:00:14 PM

ਅੰਮ੍ਰਿਤਸਰ (ਅਰੁਣ) : ਬੀਤੇ ਦਿਨੀਂ ਐੱਸ. ਟੀ. ਐੱਫ. ਬਾਰਡਰ ਰੇਂਜ ਦੀ ਟੀਮ ਵੱਲੋਂ ਕੀਤੇ ਆਪ੍ਰੇਸ਼ਨ ਦੌਰਾਨ ਥਾਣਾ ਘਰਿੰਡਾ ਵਿਖੇ ਤਾਇਨਾਤ 2 ਏ. ਐੱਸ. ਆਈ. ਅਵਤਾਰ ਸਿੰਘ ਅਤੇ ਜ਼ੋਰਾਵਰ ਸਿੰਘ ਨੂੰ ਹੈਰੋਇਨ ਪੀਣ ਅਤੇ ਵੇਚਣ ਦੇ ਜੁਰਮ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ। ਐੱਸ. ਟੀ. ਐੱਫ. ਪੁਲਸ ਹਿਰਾਸਤ 'ਚ ਏ. ਐੱਸ. ਆਈ. ਅਵਤਾਰ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਹਿਰਾਸਤ 'ਚ ਉਸ ਵੱਲੋਂ ਆਪਣੀ ਪੁੜਪੁੜੀ 'ਚ ਕਿਹੜੇ ਹਾਲਾਤ 'ਚ ਕਿਸ ਤਰ੍ਹਾਂ ਖੁਦ ਨੂੰ ਗੋਲੀ ਮਾਰੀ ਗਈ, ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਐੱਸ. ਟੀ. ਐੱਫ. ਅਤੇ ਜ਼ਿਲਾ ਦਿਹਾਤੀ ਪੁਲਸ ਦੇ ਕਿਸੇ ਵੀ ਅਧਿਕਾਰੀ ਨੇ ਅਵਤਾਰ ਸਿੰਘ ਵੱਲੋਂ ਕੀਤੀ ਖੁਦਕੁਸ਼ੀ ਬਾਰੇ ਕੋਈ ਟਿੱਪਣੀ ਨਹੀਂ ਕੀਤੀ।

ਸਵਾਲਾਂ ਦੇ ਕਟਹਿਰੇ 'ਚ ਕੀਤਾ ਖੜ੍ਹੇ 
ਪੁਲਸ ਹਿਰਾਸਤ 'ਚ ਹੋਈ ਏ. ਐੱਸ. ਆਈ. ਅਵਤਾਰ ਸਿੰਘ ਦੀ ਮੌਤ ਪੁਲਸ ਅਧਿਕਾਰੀਆਂ ਨੂੰ ਸਵਾਲਾਂ ਦੇ ਕਟਹਿਰੇ 'ਚ ਖੜ੍ਹੇ ਹੋਣ ਦਾ ਸੰਕੇਤ ਦੇ ਸਕਦੀ ਹੈ। ਮ੍ਰਿਤਕ ਦੇ ਪਰਿਵਾਰ 'ਚ ਉਸ ਦੀ ਪਤਨੀ, ਇਕ ਲੜਕੀ ਅਤੇ 2 ਲੜਕੇ ਦੱਸੇ ਜਾ ਰਹੇ ਹਨ। ਇਕ ਲੜਕਾ ਮਨੀ 2 ਸਾਲ ਪਹਿਲਾਂ ਹੀ ਆਸਟ੍ਰੇਲੀਆ ਗਿਆ ਸੀ। ਪੁਲਸ ਵੱਲੋਂ ਅਵਤਾਰ ਸਿੰਘ ਦੇ ਪੋਸਟਮਾਰਟਮ ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ, ਰਿਪੋਰਟ ਮਗਰੋਂ ਹੀ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ।

ਕੀ ਸੀ ਮਾਮਲਾ
ਐੱਸ. ਟੀ. ਐੱਫ. ਬਾਰਡਰ ਰੇਂਜ ਦੀ ਟੀਮ ਵੱਲੋਂ ਇਤਲਾਹ ਦੇ ਆਧਾਰ 'ਤੇ ਟ੍ਰੈਪ ਲਾਉਂਦਿਆਂ ਥਾਣਾ ਘਰਿੰਡਾ ਵਿਖੇ ਤਾਇਨਾਤ ਏ. ਐੱਸ. ਆਈ. ਅਵਤਾਰ ਸਿੰਘ ਅਤੇ ਜ਼ੋਰਾਵਰ ਸਿੰਘ ਨੂੰ ਨਸ਼ਾ ਸਮੱਗਲਿੰਗ ਤੋਂ ਇਲਾਵਾ ਨਸ਼ਾ ਕਰਨ ਦੇ ਜੁਰਮ 'ਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਕੋਲੋਂ 10 ਗ੍ਰਾਮ ਹੈਰੋਇਨ, 15590 ਰੁਪਏ ਭਾਰਤੀ ਕਰੰਸੀ, ਇਕ ਲਾਈਟਰ ਤੇ ਇਕ ਕਾਰ ਹੋਂਡਾ ਇਮੇਜ ਅਤੇ ਏ. ਐੱਸ. ਆਈ. ਜ਼ੋਰਾਵਰ ਸਿੰਘ ਕੋਲੋਂ 5 ਗ੍ਰਾਮ ਹੈਰੋਇਨ, 100-100 ਰੁਪਏ ਦੇ ਜਾਅਲੀ 99 ਨੋਟ, ਇਕ ਲਾਈਟਰ, ਸਿਲਵਰ ਰੋਲ ਤੇ ਇਕ ਸਵਿਫਟ ਕਾਰ ਕਬਜ਼ੇ 'ਚ ਲੈਣ ਮਗਰੋਂ ਥਾਣਾ ਘਰਿੰਡਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਆਖਿਰਕਾਰ ਕਿਹੜੇ ਆਕਾ ਦੀ ਸ਼ਰਨ 'ਚ ਰਹਿ ਕੇ ਦੋਵੇਂ ਏ. ਐੱਸ. ਆਈ. ਨਸ਼ਾ ਸਮੱਗਲਿੰਗ ਦਾ ਧੰਦਾ ਕਰ ਰਹੇ ਸਨ, ਸਬੰਧੀ ਐੱਸ. ਟੀ. ਐੱਫ. ਵੱਲੋਂ ਅਜੇ ਪੂਰੀ ਜਾਂਚ ਕਰਨੀ ਸੀ ਕਿ ਅਵਤਾਰ ਸਿੰਘ ਵੱਲੋਂ ਚੁੱਕੇ ਗਏ ਕਦਮ ਨਾਲ ਪੁਲਸ ਦੀ ਜਾਂਚ ਨੇ ਨਵਾਂ ਮੋੜ ਲੈ ਲਿਆ।

 


Anuradha

Content Editor

Related News