ਵਿਜੀਲੈਂਸ ਬਿਊਰੋ ਵੱਲੋਂ ASI ਰਿਸ਼ਵਤ ਲੈਂਦਾ ਕਾਬੂ
Tuesday, Jan 21, 2020 - 12:53 AM (IST)
ਡੇਰਾਬੱਸੀ,(ਅਨਿਲ) - ਏ. ਆਈ. ਜੀ. ਫਲਾਈਂਗ ਸਕੁਐਡ ਵਿਜੀਲੈਂਸ ਪਰਮਜੀਤ ਸਿੰਘ ਵਿਰਕ ਦੇ ਨਿਰਦੇਸ਼ਾਂ ਤਹਿਤ ਡੇਰਾਬੱਸੀ ਥਾਣੇ ਵਿਚ ਅੱਜ ਡੀ. ਐੱਸ. ਪੀ. ਵਿਜੀਲੈਂਸ ਬਰਜਿੰਦਰ ਸਿੰਘ ਭੁੱਲਰ ਦੀ ਅਗਵਾਈ 'ਚ ਟੀਮ ਨੇ ਏ. ਐੱਸ. ਆਈ. ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਏ. ਐੱਸ. ਆਈ. ਉਂਕਾਰ ਸਿੰਘ ਖਿਲਾਫ਼ ਵਿਜੀਲੈਂਸ ਨੇ ਪ੍ਰੀਵੈਨਸ਼ਨ ਆਫ ਕੁਰੱਪਸ਼ਨ ਐਕਟ 1988, ਸੋਧੇ ਹੋਏ ਐਕਟ 2018 ਤਹਿਤ ਮਾਮਲਾ ਦਰਜ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਵਿਜੀਲੈਂਸ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਰਾਜੂ ਪੁੱਤਰ ਬਾਲਕ ਰਾਮ ਵਾਸੀ ਵਾਰਡ ਨੰ. 11 ਡੇਰਾਬੱਸੀ, ਜੋ ਕਿ ਟਰੱਕ ਚਲਾਉਂਦਾ ਹੈ, ਨੇ ਆਪਣੀ ਲੜਕੀ ਦਾ ਵਿਆਹ ਫਰਵਰੀ 2018 ਵਿਚ ਕੀਤਾ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਸਹੁਰਾ ਪਰਿਵਾਰ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗਾ, ਜਿਸ ਦੀ ਦਰਖਾਸਤ ਉਸ ਨੇ ਅਪ੍ਰੈਲ 2019 ਵਿਚ ਐੱਸ. ਐੱਸ. ਪੀ. ਮੋਹਾਲੀ ਨੂੰ ਦਿੱਤੀ। ਇਸ ਦੀ ਪੜਤਾਲ ਏ. ਐੱਸ. ਆਈ. ਉਂਕਾਰ ਸਿੰਘ ਵੱਲੋਂ ਕੀਤੀ ਜਾ ਰਹੀ ਸੀ। ਉਂਕਾਰ ਸਿੰਘ ਸ਼ਿਕਾਇਤਕਰਤਾ ਨੂੰ ਕਿਸੇ ਨਾ ਕਿਸੇ ਬਹਾਨੇ ਥਾਣੇ ਬੁਲਾਉਂਦਾ ਰਹਿੰਦਾ ਸੀ ਪਰ ਉਸ ਦੀ ਸ਼ਿਕਾਇਤ ਦਾ ਕੋਈ ਨਿਪਟਾਰਾ ਨਹੀਂ ਕਰਦਾ ਸੀ। 17 ਜਨਵਰੀ ਨੂੰ ਉਂਕਾਰ ਸਿੰਘ ਨੇ ਸ਼ਿਕਾਇਤਕਰਤਾ ਨੂੰ ਆਪਣੇ ਕੋਲ ਬੁਲਾਇਆ ਅਤੇ 20,000 ਰੁਪਏ ਰਿਸ਼ਵਤ ਮੰਗੀ। ਸ਼ਿਕਾਇਤਕਰਤਾ ਰਾਜੂ ਨੇ ਵਿਜੀਲੈਂਸ ਕੋਲ ਪਹੁੰਚ ਕੀਤੀ ਅਤੇ ਉਪ ਕਪਤਾਨ ਬਰਜਿੰਦਰ ਸਿੰਘ ਦੀ ਅਗਵਾਈ ਵਿਚ ਫਲਾਈਂਗ ਸਕੁਐਡ ਨੇ ਟਰੈਪ ਲਾ ਕੇ ਏ. ਐੱਸ. ਆਈ. ਉਂਕਾਰ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।