ਕੇਂਦਰ ਸਰਕਾਰ ਇਸ ਸਾਲ ਮੁਫ਼ਤ ਅਨਾਜ ਯੋਜਨਾ ’ਤੇ ਖ਼ਰਚੇਗੀ 2 ਲੱਖ ਕਰੋੜ ਰੁਪਏ : ਅਸ਼ਵਨੀ ਸ਼ਰਮਾ
Monday, Jan 02, 2023 - 09:46 AM (IST)
ਚੰਡੀਗੜ੍ਹ/ਮਾਨਸਾ (ਹਰੀਸ਼ਚੰਦਰ, ਜੱਸਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ 'ਚੋਂ ਗਰੀਬੀ ਖ਼ਤਮ ਕਰਨ, ਗਰੀਬਾਂ ਦਾ ਜੀਵਨ ਪੱਧਰ ਉੱਚਾ ਚੁੱਕਣ, ਉਨ੍ਹਾਂ ਨੂੰ ਸਿੱਖਿਆ, ਰੁਜ਼ਗਾਰ, ਭੋਜਨ ਅਤੇ ਹੋਰ ਕਈ ਸਾਰੀਆਂ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਬਾਰੇ ਜਾਰੀ ਆਪਣੇ ਬਿਆਨ ’ਚ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਰਾਸ਼ਟਰੀ ਖ਼ੁਰਾਕ ਸੁਰੱਖਿਆ ਕਾਨੂੰਨ ਤਹਿਤ ਦੇਸ਼ ਦੇ 81.35 ਕਰੋੜ ਲਾਭਪਾਤਰੀਆਂ ਨੂੰ ਇਸ ਸਾਲ ਵੀ ਮੁਫ਼ਤ ਅਨਾਜ ਮੁਹੱਈਆ ਕਰਵਾਇਆ ਜਾਏਗਾ।
ਸ਼ਰਮਾ ਨੇ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਇਸ ਸਾਲ 31 ਦਸੰਬਰ, 2023 ਤੱਕ ਇਸ ਸਭ ’ਤੇ 2 ਲੱਖ ਕਰੋੜ ਰੁਪਏ ਖ਼ਰਚ ਕਰੇਗੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ਜਦੋਂ ਤੋਂ ਇਹ ਸਰਕਾਰ ਬਣੀ ਹੈ, ਲੋਕ ਭਲਾਈ ਦੀਆਂ ਸਾਰੀਆਂ ਸਕੀਮਾਂ ਬੰਦ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ।
ਖੇਤੀਬਾੜੀ ਲਈ ਪਾਣੀ ਦੀ ਸਿੰਚਾਈ ਵਿਵਸਥਾ ਨੂੰ ਦਰੁੱਸਤ ਕਰਨ ਲਈ ਇਸ ਸਾਲ 70 ਹਜ਼ਾਰ ਕਰੋੜ ਰੁਪਏ ਖ਼ਰਚ ਕਰ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਡਿਪੂ ਹੋਲਡਰਾਂ ਦੀਆਂ ਸਾਰੀਆਂ ਸਮੱਸਿਆਵਾਂ ਵੱਲ ਧਿਆਨ ਦੇਵੇ ਤੇ ਤੁਰੰਤ ਹੱਲ ਕਰੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ