''ਲਾਲਜੀਤ ਭੁੱਲਰ ਨੂੰ ਭੇਜੋ ਜੇਲ੍ਹ'', ਅਸ਼ਵਨੀ ਸ਼ਰਮਾ ਨੇ ਕੀਤੀ CBI ਜਾਂਚ ਦੀ ਮੰਗ
Saturday, Mar 21, 2026 - 06:27 PM (IST)
ਚੰਡੀਗੜ੍ਹ: ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਅਧਿਕਾਰੀ ਡਾ. ਗਗਨਦੀਪ ਸਿੰਘ ਰੰਧਾਵਾ ਦੀ ਖ਼ੁਦਕੁਸ਼ੀ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਸ ਦੁਖਦਾਈ ਘਟਨਾ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਭੁੱਲਰ 'ਤੇ ਸਿੱਧੇ ਅਤੇ ਸੰਗੀਨ ਦੋਸ਼ ਲਗਾਉਂਦਿਆਂ ਉਨ੍ਹਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੰਤਰੀ ਭੁੱਲਰ ਵੱਲੋਂ ਆਪਣੇ ਪਿਤਾ ਸੁਖਦੇਵ ਸਿੰਘ ਭੁੱਲਰ ਦੇ ਨਾਂ 'ਤੇ ਗੋਦਾਮ ਦਾ ਟੈਂਡਰ ਭਰਿਆ ਗਿਆ ਸੀ, ਪਰ FCI ਅਤੇ ਵੇਅਰਹਾਊਸ ਦੀਆਂ ਗਾਈਡਲਾਈਨਜ਼ ਅਤੇ ਸ਼ਰਤਾਂ ਪੂਰੀਆਂ ਨਾ ਹੋਣ ਕਾਰਨ ਜਦੋਂ ਇਹ ਟੈਂਡਰ ਪਾਸ ਨਹੀਂ ਹੋ ਸਕਿਆ ਤਾਂ ਮੰਤਰੀ ਨੇ ਆਪਣੀ ਸੱਤਾ ਦੀ ਕਥਿਤ ਤੌਰ 'ਤੇ ਧੌਂਸ ਦਿਖਾਉਂਦਿਆਂ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ।
👉 ਅੱਜ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਇੱਕ ਬਹੁਤ ਹੀ ਇਮਾਨਦਾਰ, ਪੜ੍ਹੇ-ਲਿਖੇ ਅਤੇ ਹੋਣਹਾਰ ਅਧਿਕਾਰੀ, ਡਾ. ਗਗਨਦੀਪ ਸਿੰਘ ਰੰਧਾਵਾ ਜੀ ਸਾਡੇ ਵਿਚਕਾਰ ਨਹੀਂ ਰਹੇ। ਆਮ ਆਦਮੀ ਪਾਰਟੀ ਦੇ ਮੰਤਰੀ ਦੇ ਅੱਤਿਆਚਾਰ ਅਤੇ ਸਿਆਸੀ ਦਬਾਅ ਕਾਰਨ ਉਨ੍ਹਾਂ ਨੇ ਸਲਫ਼ਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
— Ashwani Sharma (मोदी का परिवार) (@AshwaniSBJP) March 21, 2026
👉 ਸੱਚਾਈ ਇਹ ਹੈ ਕਿ ਮੰਤਰੀ… pic.twitter.com/LUrEiqeyJv
ਅਸ਼ਵਨੀ ਸ਼ਰਮਾ ਨੇ ਦੋਸ਼ ਲਗਾਇਆ ਕਿ ਮੰਤਰੀ ਨੇ ਡਾ. ਰੰਧਾਵਾ ਨੂੰ ਆਪਣੇ ਘਰ ਬੁਲਾ ਕੇ ਨਾ ਸਿਰਫ਼ ਸ਼ਰੇਆਮ ਜ਼ਲੀਲ ਕੀਤਾ ਅਤੇ ਉਨ੍ਹਾਂ ਦੇ ਸਿਰ 'ਤੇ ਵਾਰ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਬਲਕਿ ਦਰਿੰਦਗੀ ਦੀਆਂ ਹੱਦਾਂ ਪਾਰ ਕਰਦਿਆਂ ਉਨ੍ਹਾਂ ਨੂੰ ਨਿਰਵਸਤਰ ਕਰਕੇ ਉਨ੍ਹਾਂ ਦੀ ਵੀਡੀਓ ਵੀ ਬਣਾਈ ਗਈ। ਇੰਨਾ ਹੀ ਨਹੀਂ, ਅਧਿਕਾਰੀ ਨੂੰ ਗੈਂਗਸਟਰਾਂ ਰਾਹੀਂ ਉਨ੍ਹਾਂ ਦੇ ਛੋਟੇ-ਛੋਟੇ ਬੱਚਿਆਂ ਨੂੰ ਅਗਵਾ ਕਰਨ ਅਤੇ ਜਾਨੋਂ ਮਾਰਨ ਦੀਆਂ ਖੌਫ਼ਨਾਕ ਧਮਕੀਆਂ ਵੀ ਦਿੱਤੀਆਂ ਗਈਆਂ। ਡਾ. ਗਗਨਦੀਪ ਸਿੰਘ ਨੇ ਮੌਤ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਸੀ, ਜਿਸ ਵਿਚ ਉਨ੍ਹਾਂ ਨੇ ਮੰਤਰੀ ਵੱਲੋਂ ਪੈਸਾ ਇਕੱਠਾ ਕਰਨ ਲਈ ਦਿੱਤੇ ਜਾ ਰਹੇ ਤਸ਼ੱਦਦ ਦੀ ਪੂਰੀ ਸੱਚਾਈ ਬਿਆਨ ਕੀਤੀ ਹੈ।
➖ ਪੰਜਾਬ ਸਰਕਾਰ ਦੇ ਮੰਤਰੀ @laljitbhullar22 ਦੇ ਤਸ਼ੱਦਦ ਤੋਂ ਅੱਕੇ ਵੇਅਰਹਾਊਸ ਅਫ਼ਸਰ ਨੇ ਆਤਮਹੱਤਿਆ ਕੀਤੀ।
— Ashwani Sharma (मोदी का परिवार) (@AshwaniSBJP) March 21, 2026
➖ ਗਗਨ ਰੰਧਾਵਾ, ਜ਼ਿਲ੍ਹਾ ਅਧਿਕਾਰੀ, ਨੇ ਆਖ਼ਰੀ ਵੀਡੀਓ ਬਣਾ ਕੇ ਮੰਤਰੀ ਭੁੱਲਰ ਦੀ ਸੱਚਾਈ ਬਿਆਨ ਕੀਤੀ; ਪੈਸਾ ਇਕੱਠਾ ਕਰਨ ਲਈ ਉਸਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ।
👉 Dying Declaration / ਮੌਤ ਤੋਂ ਪਹਿਲਾਂ ਦਿੱਤੇ… pic.twitter.com/20SDcnD0b4
ਭਾਜਪਾ ਨੇ ਇਸ ਪੂਰੇ ਘਟਨਾਕ੍ਰਮ ਦੀ ਤੁਰੰਤ CBI ਜਾਂ ਕਿਸੇ ਉੱਚ ਪੱਧਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਰੱਖੀ ਹੈ ਅਤੇ ਸੱਚਾਈ ਸਾਹਮਣੇ ਲਿਆਉਣ ਲਈ ਡਾਕਟਰਾਂ ਦੇ ਸਪੈਸ਼ਲ ਬੋਰਡ ਤੋਂ ਪੋਸਟਮਾਰਟਮ ਕਰਵਾਉਣ 'ਤੇ ਜ਼ੋਰ ਦਿੱਤਾ ਹੈ ਤਾਂ ਜੋ ਸੱਚਾਈ ਨੂੰ ਛੁਪਾਇਆ ਨਾ ਜਾ ਸਕੇ। ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਮੰਤਰੀ ਦਾ ਸਿਰਫ਼ ਅਸਤੀਫ਼ਾ ਕਾਫ਼ੀ ਨਹੀਂ ਹੈ, ਬਲਕਿ ਦੋਸ਼ੀ ਲਾਲਜੀਤ ਭੁੱਲਰ 'ਤੇ ਤੁਰੰਤ ਕਤਲ ਅਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ। ਭਾਰਤੀ ਜਨਤਾ ਪਾਰਟੀ ਨੇ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰ ਅਤੇ ਯੂਨੀਅਨ ਦੇ ਸਾਰੇ ਮੈਂਬਰਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਣ ਦਾ ਭਰੋਸਾ ਦਿੱਤਾ ਹੈ।
