ਵਿਜੀਲੈਂਸ ਵੱਲੋਂ EO ਗਿਰੀਸ਼ ਵਰਮਾ ਦੀ ਮਦਦ ਕਰਨ ਵਾਲੇ ਮੁਲਜ਼ਮ ਆਸ਼ੂ ਗੋਇਲ ਗ੍ਰਿਫ਼ਤਾਰ

02/03/2023 11:01:56 PM

ਜ਼ੀਰਕਪੁਰ/ਚੰਡੀਗੜ੍ਹ (ਬਿਊਰੋ, ਮੇਸ਼ੀ) : ਪੰਜਾਬ ਵਿਜੀਲੈਂਸ ਬਿਊਰੋ ਨੇ ਮੁਅੱਤਲ ਕਾਰਜਸਾਧਕ ਅਧਿਕਾਰੀ (ਈ.ਓ.) ਜ਼ੀਰਕਪੁਰ ਗਿਰੀਸ਼ ਵਰਮਾ ਦੇ ਇਕ ਸਾਥੀ ਕਾਲੋਨਾਈਜ਼ਰ ਆਸ਼ੂ ਗੋਇਲ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਉਸ ਨੂੰ ਆਮਦਨ ਦੇ ਜਾਣੂ ਸਰੋਤਾਂ ਨਾਲੋਂ ਵੱਧ ਦੌਲਤ ਬਣਾਉਣ ਵਿੱਚ ਮਦਦ ਕਰਨ ਤੇ ਨਾਜਾਇਜ਼ ਪੈਸੇ ਨੂੰ ਨਿਵੇਸ਼ ਕਰਾਉਣ ਦਾ ਦੋਸ਼ੀ ਹੈ।

ਇਹ ਵੀ ਪੜ੍ਹੋ : ਸਿੱਖ ਗੁਰਦੁਆਰਾ ਜੁਡੀਸ਼ੀਅਲ ਕੋਰਟ ਵੱਲੋਂ 2013 'ਚ ਗੁਰੂ ਕੀ ਗੋਲਕ ਦੇ ਪੈਸਿਆਂ ਨੂੰ ਵਿਆਜ ਸਮੇਤ ਵਸੂਲਣ ਦੇ ਆਦੇਸ਼

ਅੱਜ ਇੱਥੇ ਇਹ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਕਿਹਾ ਕਿ ਵਿਜੀਲੈਂਸ ਜਾਂਚ ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਬੀ) ਅਤੇ ਆਈਪੀਸੀ ਦੀ 120-ਬੀ ਦੇ ਤਹਿਤ ਇਕ ਕੇਸ ਵਿਜੀਲੈਂਸ ਬਿਊਰੋ ਦੇ ਪੁਲਸ ਥਾਣਾ ਫਲਾਇੰਗ ਸਕੁਐਡ -1, ਪੰਜਾਬ, ਮੋਹਾਲੀ ਵਿਖੇ ਗਿਰੀਸ਼ ਵਰਮਾ, ਉਸ ਦੀ ਪਤਨੀ ਸੰਗੀਤਾ ਸ਼ਰਮਾ ਤੇ ਉਸ ਦੇ ਪੁੱਤਰ ਵਿਕਾਸ ਵਰਮਾ ਦੇ ਖ਼ਿਲਾਫ਼ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਬਿਊਰੋ ਨੇ ਉਪਰੋਕਤ ਮੁਲਜ਼ਮ ਵਿਕਾਸ ਵਰਮਾ ਦੇ ਕੁਰਾਲੀ ਨਿਵਾਸੀ ਜਾਣਕਾਰ ਆਸ਼ੂ ਗੋਇਲ ਅਤੇ ਗੌਰਵ ਗੁਪਤਾ ਤੇ ਨਾਮੀ 2 ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਹੈ, ਜੋ ਉਕਤ ਈ.ਓ. ਨੂੰ ਗੈਰ-ਕਾਨੂੰਨੀ ਤੌਰ 'ਤੇ ਕਮਾਇਆ ਪੈਸਾ ਜਾਇਦਾਦਾਂ ਵਿੱਚ ਨਿਵੇਸ਼ ਕਰਨ ਵਿੱਚ ਮਦਦ ਕਰਦੇ ਸਨ।

ਇਹ ਵੀ ਪੜ੍ਹੋ : ਭਾਬੀ ਨੇ ਦਿਓਰ ’ਤੇ ਲਾਇਆ ਕੁੱਟਮਾਰ ਤੇ ਜਬਰੀ ਸਰੀਰਕ ਸਬੰਧ ਬਣਾਉਣ ਦਾ ਦੋਸ਼, ਕਮਰੇ ’ਚੋਂ ਸਾਮਾਨ ਵੀ ਹੋਇਆ ਚੋਰੀ

ਹੋਰ ਵੇਰਵੇ ਦਿੰਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਉਪਰੋਕਤ ਮੁਲਜ਼ਮ ਆਸ਼ੂ ਗੋਇਲ, ਗੌਰਵ ਗੁਪਤਾ ਅਤੇ ਵਿਕਾਸ ਵਰਮਾ ਨੇ 2 ਫਰਮਾਂ ਮੈਸਰਜ਼ ਬਾਲਾ ਜੀ ਇਨਫਰਾ ਬਿਲਡਟੈਕ ਖਰੜ ਅਤੇ ਮੈਸਰਜ਼ ਬਾਲਾ ਜੀ ਡਿਵੈਲਪਰ ਕੁਰਾਲੀ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਦੋਵਾਂ ਫਰਮਾਂ ਦੇ ਅਧੀਨ ਕਾਲੋਨੀਆਂ ਵਿਕਸਿਤ ਕੀਤੀਆਂ ਅਤੇ ਈਓ ਗਿਰੀਸ਼ ਵਰਮਾ ਨੇ ਆਪਣੇ ਪੁੱਤਰ ਰਾਹੀਂ ਇਨ੍ਹਾਂ ਫਰਮਾਂ ਵਿੱਚ ਗੈਰ-ਕਾਨੂੰਨੀ ਤੌਰ 'ਤੇ ਕਮਾਇਆ ਨਾਜਾਇਜ਼ ਪੈਸਾ ਸਹੀ ਦਰਸਾਉਣ (ਵ੍ਹਾਈਟ ਮਨੀ) ਲਈ ਨਿਵੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਮੋਹਾਲੀ ਅਦਾਲਤ ਨੇ ਉਪਰੋਕਤ ਗ੍ਰਿਫ਼ਤਾਰ ਮੁਲਜ਼ਮ ਆਸ਼ੂ ਗੋਇਲ ਨੂੰ 3 ਦਿਨਾਂ ਲਈ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਚੱਲ ਰਹੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News