ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਖਿੱਚੀ ਤਿਆਰੀ, ਯਾਤਰਾਵਾਂ ਦਾ ਦੌਰ ਹੋਇਆ ਸ਼ੁਰੂ

Monday, Aug 28, 2023 - 11:10 AM (IST)

ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਖਿੱਚੀ ਤਿਆਰੀ, ਯਾਤਰਾਵਾਂ ਦਾ ਦੌਰ ਹੋਇਆ ਸ਼ੁਰੂ

ਜਲੰਧਰ (ਅਨਿਲ ਪਾਹਵਾ)- ਲੋਕ ਸਭਾ ਚੋਣਾਂ ਆਉਣ ਵਾਲੀਆਂ ਹਨ ਅਤੇ ਇਸ ਤੋਂ ਪਹਿਲਾਂ ਕੁਝ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਨੇੜੇ ਹੋਣ ਅਤੇ ਭਾਜਪਾ ਦੇ ਕੈਂਪ ਤੋਂ ਕੋਈ ਯਾਤਰਾ ਨਾ ਨਿਕਲੇ, ਇਹ ਤਾਂ ਹੋ ਹੀ ਨਹੀਂ ਸਕਦਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਇਕ ਵਾਰ ਫਿਰ ਤੋਂ ਯਾਤਰਾਵਾਂ ਦੀ ਤਿਆਰੀ ਕਰ ਲਈ ਹੈ। ਮੱਧ ਪ੍ਰਦੇਸ਼ ’ਚ ਪਾਰਟੀ ਵੱਲੋਂ ਜਨ ਆਸ਼ੀਰਵਾਦ ਯਾਤਰਾ ਦੇ ਨਾਂ ’ਤੇ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ 5 ਵੱਖ-ਵੱਖ ਯਾਤਰਾਵਾਂ ਕੀਤੀਆਂ ਜਾਣਗੀਆਂ, ਜੋ ਸਤੰਬਰ ਦੇ ਪਹਿਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਮੱਧ ਪ੍ਰਦੇਸ਼ ਦੇ ਗਵਾਲੀਅਰ-ਚੰਬਲ, ਇੰਦੌਰ, ਜੱਬਲਪੁਰ, ਉਜੈਨ ਅਤੇ ਵਿੰਧਿਆ-ਬੁੰਦੇਲਖੰਡ 4 ਖੇਤਰਾਂ ਵਿਚ 5 ਵੱਖ-ਵੱਖ ਯਾਤਰਾਵਾਂ ਸ਼ੁਰੂ ਹੋਣਗੀਆਂ।

ਭੋਪਾਲ ’ਚ ਮੋਦੀ ਦੀ ਰੈਲੀ ਦੇ ਨਾਲ ਹੀ ਯਾਤਰਾਵਾਂ ਦੀ ਹੋਵੇਗੀ ਸਮਾਪਤੀ
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਸੂਬਾ ਪ੍ਰਧਾਨ ਵੀ. ਡੀ. ਸ਼ਰਮਾ ਅਤੇ ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ, ਨਰਿੰਦਰ ਸਿੰਘ ਤੋਮਰ, ਪ੍ਰਹਿਲਾਦ ਪਟੇਲ ਅਤੇ ਹੋਰ ਵੱਖ-ਵੱਖ ਥਾਵਾਂ ਤੋਂ ਇਨ੍ਹਾਂ ਯਾਤਰਾਵਾਂ ਵਿਚ ਸ਼ਾਮਲ ਹੋਣਗੇ। ਇਹ 5 ਯਾਤਰਾਵਾਂ ਸਾਰੇ ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨਗੀਆਂ ਅਤੇ 25 ਸਤੰਬਰ ਨੂੰ ਭੋਪਾਲ ਵਿਚ ਸਮਾਪਤ ਹੋਣਗੀਆਂ। ਪਾਰਟੀ ਨੇ 25 ਸਤੰਬਰ ਨੂੰ ਭੋਪਾਲ ਵਿਚ ਵੱਡੀ ਰੈਲੀ ਕਰਨ ਦੀ ਯੋਜਨਾ ਬਣਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਰੈਲੀ ਨੂੰ ਸੰਬੋਧਨ ਕਰਨ, ਇਸ ਦੀ ਵਿਉਂਤਬੰਦੀ ਪਾਰਟੀ ਨੇ ਕੀਤੀ ਹੈ।

ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ: ਕੈਨੇਡਾ 'ਚ ਟਰਾਲੇ ਨਾਲ ਹਾਦਸਾ ਹੋਣ ਮਗਰੋਂ ਕਾਰ ਨੂੰ ਲੱਗੀ ਅੱਗ, ਜਿਊਂਦਾ ਸੜਿਆ ਬੇਗੋਵਾਲ ਦਾ ਨੌਜਵਾਨ

ਰਾਜਸਥਾਨ ’ਚ ਪਰਿਵਰਤਨ ਯਾਤਰਾ ਤਹਿਤ 2 ਸਤੰਬਰ ਤੋਂ ਮੁਹਿੰਮ ਦੀ ਸ਼ੁਰੂਆਤ
ਇਸੇ ਤਰ੍ਹਾਂ ਰਾਜਸਥਾਨ ’ਚ ਜਿਥੇ ਭਾਜਪਾ ਵਿਰੋਧੀ ਧਿਰ ’ਚ ਹੈ, ਉਥੇ ਪਾਰਟੀ ਪਰਿਵਰਤਨ ਯਾਤਰਾ ਤਹਿਤ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਹ ਵੀ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਰਹੀ ਹੈ। ਰਾਜਸਥਾਨ ਵਿਚ ਪਾਰਟੀ ਚਾਰ ਵੱਖ-ਵੱਖ ਥਾਵਾਂ ਤੋਂ ਯਾਤਰਾਵਾਂ ਸ਼ੁਰੂ ਕਰੇਗੀ। ਪਾਰਟੀ ਇਨ੍ਹਾਂ ਯਾਤਰਾਵਾਂ ਦੀ ਸ਼ੁਰੂਆਤ ਸਵਾਈ ਮਾਧੋਪੁਰ, ਜੈਸਲਮੇਰ, ਹਨੂੰਮਾਨਗੜ੍ਹ ਅਤੇ ਡੂੰਗਰਪੁਰ ਤੋਂ ਕਰੇਗੀ। ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਆਪਣੀ ਪਹਿਲੀ ਯਾਤਰਾ 2 ਸਤੰਬਰ ਨੂੰ ਸਵਾਈ ਮਾਧੋਪੁਰ ਤੋਂ ਸ਼ੁਰੂ ਕਰਨਗੇ। ਇਸ ਸਮਾਗਮ ਦੌਰਾਨ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਵੀ ਮੌਜੂਦ ਰਹੇਗੀ।

ਆਗਾਜ਼ ਵੱਖ-ਵੱਖ ਪਰ ਜੈਪੁਰ ’ਚ ਵੱਡੀ ਰੈਲੀ ਨਾਲ ਹੋਵੇਗੀ ਸਮਾਪਤੀ
ਦੂਜੀ ਯਾਤਰਾ 3 ਸਤੰਬਰ ਨੂੰ ਡੂੰਗਰਪੁਰ ਤੋਂ ਸ਼ੁਰੂ ਹੋਵੇਗੀ, ਜਿਸ ਨੂੰ ਕੇਂਦਰੀ ਮੰਤਰੀ ਅਮਿਤ ਸ਼ਾਹ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ। ਤੀਜੀ ਯਾਤਰਾ 4 ਸਤੰਬਰ ਨੂੰ ਜੈਸਲਮੇਰ ਤੋਂ ਸ਼ੁਰੂ ਹੋਵੇਗੀ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਚੌਥੀ ਯਾਤਰਾ 5 ਸਤੰਬਰ ਨੂੰ ਹਨੂੰਮਾਨਗੜ੍ਹ ਤੋਂ ਸ਼ੁਰੂ ਹੋਵੇਗੀ, ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਇਸ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਸਾਰੀਆਂ ਯਾਤਰਾਵਾਂ 25 ਸਤੰਬਰ ਨੂੰ ਜੈਪੁਰ ਵਿਚ ਸਮਾਪਤ ਹੋਣਗੀਆਂ। ਪਾਰਟੀ ਭੋਪਾਲ ਵਾਂਗ 25 ਸਤੰਬਰ ਨੂੰ ਜੈਪੁਰ ਵਿਚ ਇਕ ਵੱਡੀ ਰੈਲੀ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਫਿਲੌਰ 'ਚ ਪੈਟਰੋਲ ਪੰਪ 'ਤੇ ਵੱਡਾ ਹਾਦਸਾ, ਪੁਰਾਣੀ ਇਮਾਰਤ ਢਾਹੁੰਦੇ ਸਮੇਂ ਡਿੱਗਿਆ ਮਲਬਾ, 2 ਮਜ਼ਦੂਰਾਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News