ਬਠਿੰਡਾ ਪਹੁੰਚੇ ''ਆਪ'' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ

Thursday, Oct 09, 2025 - 05:43 PM (IST)

ਬਠਿੰਡਾ ਪਹੁੰਚੇ ''ਆਪ'' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ

ਬਠਿੰਡਾ/ਕਾਲਝਰਾਨੀ- ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਕੇ ਨਸ਼ਿਆਂ ਵਿਰੁੱਧ ਜੰਗ ਨੂੰ ਸਿਖ਼ਰ 'ਤੇ ਲਿਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ 1194 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਭਰ ਵਿੱਚ 3100 ਤੋਂ ਵੱਧ ਅਤਿ-ਆਧੁਨਿਕ ਸਟੇਡੀਅਮ ਬਣਾਉਣ ਦੀ ਇਕ ਵੱਡ-ਆਕਾਰੀ ਯੋਜਨਾ ਦੀ ਸ਼ੁਰੂਆਤ ਕੀਤੀ। ਇਥੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਢੰਗ ਨਾਲ ਵਰਤਣ ਲਈ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰੀਰਿਕ ਸਿਹਤ ਅਤੇ ਮਨ ਦੀ ਤੰਦਰੁਸਤੀ ਲਈ ਪੰਜਾਬ ਭਰ 'ਚ 3100 ਤੋਂ ਵੱਧ ਨਵੇਂ ਖੇਡ ਮੈਦਾਨ ਸਥਾਪਤ ਕਰਨ ਦਾ ਕੰਮ ਅੱਜ ਸ਼ੁਰੂ ਕੀਤਾ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਖੇਡ ਮੈਦਾਨ 'ਯੁੱਧ ਨਸ਼ਿਆਂ ਵਿਰੁੱਧ' ਅਤੇ 'ਰੰਗਲਾ ਪੰਜਾਬ' ਮੁਹਿੰਮ ਨੂੰ ਸਿਖ਼ਰ 'ਤੇ ਲਿਜਾ ਕੇ ਮਹੱਤਵਪੂਰਨ ਯੋਗਦਾਨ ਪਾਉਣਗੇ।

ਇਹ ਵੀ ਪੜ੍ਹੋ: ਪੁਲਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ ਕਰੇਗਾ ਹੈਰਾਨ, ਡਿੱਗੀ ਗਾਜ, ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ...

'ਆਪ' ਦੇ ਕੌਮੀ ਕਨਵੀਨਰ ਨੇ ਕਿਹਾ ਕਿ ਇਹ ਸਟੇਡੀਅਮ ਨੌਜਵਾਨਾਂ ਨੂੰ ਨਸ਼ਿਆਂ ਦੇ ਸਰਾਪ ਤੋਂ ਦੂਰ ਰੱਖਣ ਅਤੇ ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਤਗ਼ਮੇ ਜਿੱਤਣ ਦੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉੱਭਰ ਰਹੇ ਖਿਡਾਰੀਆਂ ਲਈ ਇਹ ਖੇਡ ਮੈਦਾਨ ਮਾਰਗ ਦਰਸ਼ਕ ਵਜੋਂ ਕੰਮ ਕਰਨਗੇ। ਇਨ੍ਹਾਂ ਖੇਡ ਮੈਦਾਨਾਂ ਉੱਪਰ 1184 ਕਰੋੜ ਰੁਪਏ ਖ਼ਰਚੇ ਜਾਣਗੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਵੱਡੀ ਆਬਾਦੀ ਵਾਲੇ ਪਿੰਡਾਂ ਦੀ ਚੋਣ ਕੀਤੀ ਗਈ ਹੈ, ਇਹ ਖੇਡ ਮੈਦਾਨ ਅੱਧੇ ਏਕੜ ਤੋਂ ਚਾਰ ਏਕੜ ਤੱਕ ਦੇ ਰਕਬੇ ਵਿੱਚ ਬਣਾਏ ਜਾਣਗੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰੇਕ ਖੇਡ ਮੈਦਾਨ ਨੂੰ ਵੱਖ-ਵੱਖ ਖੇਡਾਂ ਦੀਆਂ ਖ਼ਾਸ ਜ਼ਰੂਰਤਾਂ ਅਨੁਸਾਰ ਵਿਕਸਤ ਕੀਤਾ ਜਾਵੇਗਾ ਅਤੇ ਇਨ੍ਹਾਂ ਵਿੱਚ ਬੱਚਿਆਂ ਅਤੇ ਖਿਡਾਰੀਆਂ ਲਈ ਵਾਲੀਬਾਲ, ਫੁੱਟਬਾਲ, ਕ੍ਰਿਕਟ ਅਤੇ ਹੋਰ ਪ੍ਰਸਿੱਧ ਰਵਾਇਤੀ ਖੇਡ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਲਈ ਵੱਖ-ਵੱਖ ਸਰੀਰਕ ਅਤੇ ਮਨੋਰੰਜਨ ਗਤੀਵਿਧੀਆਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਖੇਡਾਂ ਹਰ ਕਿਸੇ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਜਾਣ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਖੇਡ ਮੈਦਾਨ ਨਾ ਸਿਰਫ਼ ਖੇਡਾਂ ਦੀ ਮੇਜ਼ਬਾਨੀ ਕਰਨਗੇ, ਸਗੋਂ ਪਿੰਡਾਂ ਵਿੱਚ ਭਾਈਚਾਰਕ ਏਕੇ ਦੇ ਪ੍ਰਤੀਕ ਵੀ ਬਣਨਗੇ।

PunjabKesari

ਇਹ ਵੀ ਪੜ੍ਹੋ: ਪਿੰਡ ਵਿਚਾਲੇ ਲੜ ਪਈਆਂ 2 ਧਿਰਾਂ, ਲਾ 'ਤੀ ਅੱਗ, ਕੀਤੀ ਭੰਨ-ਤੋੜ, ਪਹੁੰਚ ਗਈ ਪੰਜਾਬ ਪੁਲਸ

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਿੱਖਿਆ ਲਈ ਇਕ ਚੰਗਾ ਸਕੂਲ ਜ਼ਰੂਰੀ ਹੈ, ਉਸੇ ਤਰ੍ਹਾਂ ਇਕ ਢੁੱਕਵਾਂ ਖੇਡ ਮੈਦਾਨ ਇਕ ਬੱਚੇ ਨੂੰ ਆਪਣੇ ਪਿੰਡ, ਸੂਬੇ ਅਤੇ ਦੇਸ਼ ਦਾ ਨਾਮ ਵਿਸ਼ਵ ਪੱਧਰ 'ਤੇ ਰੌਸ਼ਨ ਕਰਨ ਵਿੱਚ ਮਦਦ ਕਰਦਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਸੂਬਾ ਸਰਕਾਰ ਸਿੱਖਿਆ ਅਤੇ ਖੇਡਾਂ ਦੋਵਾਂ ਲਈ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਫ਼ਲ ਹੋਈ ਹੈ। ਉਨ੍ਹਾਂ ਕਿਹਾ ਕਿ 2022 ਤੋਂ ਪਹਿਲਾਂ ਖੇਡਾਂ ਦਾ ਬਜਟ ਸਿਰਫ਼ 100 ਕਰੋੜ ਰੁਪਏ ਸੀ, ਜਦਕਿ ਮੌਜੂਦਾ ਸਰਕਾਰ ਨੇ ਇਸ ਨੂੰ ਵਧਾ ਕੇ ਇਕ ਹਜ਼ਾਰ ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਅਤੇ ਖੇਡ ਸੱਭਿਆਚਾਰ ਪੈਦਾ ਕਰਨ ਲਈ 2023 ਵਿੱਚ ਨਵੀਂ ਖੇਡ ਨੀਤੀ ਲਿਆਂਦੀ ਗਈ ਸੀ।

ਕੌਮੀ ਕਨਵੀਨਰ ਨੇ ਕਿਹਾ ਕਿ ਇਸ ਨੀਤੀ ਦੀ ਵਿਲੱਖਣਤਾ ਖੇਡਾਂ ਲਈ ਮਾਹੌਲ ਬਣਾਉਣ ਅਤੇ ਖਿਡਾਰੀਆਂ ਨੂੰ ਨਕਦੀ ਇਨਾਮ ਅਤੇ ਸਰਕਾਰੀ ਨੌਕਰੀਆਂ ਦੇਣ ਵਿੱਚ ਹੈ। ਉਨ੍ਹਾਂ ਕਿਹਾ ਕਿ ਇਸ ਨਵੀਂ ਨੀਤੀ ਤਹਿਤ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਹਰੇਕ ਪੰਜਾਬੀ ਐਥਲੀਟ ਨੂੰ ਤਿਆਰੀ ਲਈ 15 ਲੱਖ ਰੁਪਏ ਪਹਿਲਾਂ ਪ੍ਰਾਪਤ ਹੋਏ ਸਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੱਤ ਖਿਡਾਰੀਆਂ ਨੂੰ ਡੀ. ਐੱਸ.ਪੀ. ਅਤੇ ਚਾਰ ਨੂੰ ਪੀ. ਸੀ. ਐੱਸ. ਅਫ਼ਸਰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਨੌਂ ਹਾਕੀ ਖਿਡਾਰੀ, ਇਕ ਕ੍ਰਿਕਟਰ ਅਤੇ ਇਕ ਅਥਲੀਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 'ਖੇਡਾਂ ਵਤਨ ਪੰਜਾਬ ਦੀਆਂ' ਸ਼ੁਰੂ ਕੀਤੀਆਂ, ਤਿੰਨ ਸੀਜ਼ਨ ਸਫ਼ਲਤਾਪੂਰਵਕ ਪੂਰੇ ਕੀਤੇ, ਜੇਤੂਆਂ ਨੂੰ ਨਕਦ ਇਨਾਮ ਵੰਡੇ ਗਏ, 2022 ਤੋਂ ਪਹਿਲਾਂ ਸਿਰਫ਼ 20 ਤੋਂ 25 ਹਜ਼ਾਰ ਐਥਲੀਟਾਂ ਨੇ ਰਾਜ ਪੱਧਰੀ ਖੇਡਾਂ ਵਿੱਚ ਹਿੱਸਾ ਲਿਆ, ਜਦੋਂ ਕਿ ਹੁਣ ਇਹ ਗਿਣਤੀ ਵੱਧ ਕੇ ਪੰਜ ਲੱਖ ਹੋ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਏਜੰਟਾਂ ਦੀ ਗੰਦੀ ਖੇਡ ਆਈ ਸਾਹਮਣੇ! ਨੌਜਵਾਨਾਂ ’ਤੇ ਵੀ ਮੰਡਰਾ ਰਿਹੈ ਵੱਡਾ ਖ਼ਤਰਾ, ਹੈਰਾਨ ਕਰੇਗਾ ਪੂਰਾ ਮਾਮਲਾ

ਕੌਮੀ ਕਨਵੀਨਰ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਪਿਛਲੀਆਂ ਸਰਕਾਰਾਂ ਨੇ ਨਸ਼ਿਆਂ ਦੇ ਵਪਾਰ ਨੂੰ ਸਰਪ੍ਰਸਤੀ ਦੇ ਕੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਪਹਿਲਾਂ ਮੁੜ-ਵਸੇਬਾ ਕੇਂਦਰਾਂ ਦੀ ਹਾਲਤ ਤਰਸਯੋਗ ਸੀ ਪਰ ਹੁਣ ਅਸੀਂ ਉਨ੍ਹਾਂ ਵਿੱਚ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਨੈੱਟਵਰਕ ਨੂੰ ਤਬਾਹ ਕਰਨ ਲਈ ਬੁਲਡੋਜ਼ਰ ਵਰਤੇ ਜਾ ਰਹੇ ਹਨ ਅਤੇ ਨਸ਼ਾ ਤਸਕਰਾਂ ਨਾਲ ਮੁਕਾਬਲੇ ਵੀ ਹੋਏ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਕ ਸੀਨੀਅਰ ਸਿਆਸੀ ਆਗੂ, ਜਿਸ ਨੂੰ ਕਦੇ ਅਜਿੱਤ ਮੰਨਿਆ ਜਾਂਦਾ ਸੀ, ਹੁਣ ਜੇਲ੍ਹ ਵਿੱਚ ਸੜ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਕਹਿੰਦੇ ਸਨ ਕਿ ਕੋਈ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦਾ ਪਰ ਅਸੀਂ ਅਜਿਹਾ ਕਰਕੇ ਵਿਖਾਇਆ, ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਦਾ ਨਾਪਾਕ ਗਠਜੋੜ ਬੇਨਕਾਬ ਹੋਇਆ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, 'ਆਪ' ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ, ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਅਤੇ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ:ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਦੋਸਤਾਂ ਨਾਲ ਵੱਡਾ ਹਾਦਸਾ, 2 ਦੀ ਦਰਦਨਾਕ ਮੌਤ, ਕਾਰ ਦੇ ਉੱਡੇ ਪਰਖੱਚੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News