ਤਾਂ ਜੋ ਦਿੱਲੀ ''ਚ ਭਾਜਪਾ ਹੋ ਜਾਵੇ ਚਿੱਤ...

02/01/2018 7:05:33 AM

ਜਲੰਧਰ(ਬੁਲੰਦ)—ਦਿੱਲੀ ਵਿਚ ਨੇੜੇ ਨਜ਼ਰ ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਸੀ. ਐੱਮ. ਅਰਵਿੰਦ ਕੇਜਰੀਵਾਲ ਨੇ ਜਿੱਥੇ ਇਕ ਪਾਸੇ ਆਪਣੇ ਲਾਭ ਅਹੁਦੇ ਦੇ ਚੱਕਰ ਵਿਚ ਫਸੇ 20 ਵਿਧਾਇਕਾਂ ਨੂੰ ਜਨਤਾ ਦੇ ਦਰਬਾਰ ਵਿਚ ਜਾਣ ਦੇ ਨਿਰਦੇਸ਼ ਦੇ ਦਿੱਤੇ ਹਨ, ਉਥੇ ਦੂਜੇ ਪਾਸੇ ਕੇਜਰੀਵਾਲ ਨੇ ਖੁਦ ਹੀ ਜਨਤਾ ਦੀਆਂ ਸਮੱਸਿਆਵਾਂ ਜਾਣਨ ਲਈ ਦਿੱਲੀ ਦੇ ਅੰਦਰੂਨੀ ਬਾਜ਼ਾਰਾਂ ਦਾ ਰੁਖ਼ ਕੀਤਾ। ਇਸ ਮੌਕੇ ਉਹ ਮਾਡਲ ਟਾਊਨ, ਸਦਰ ਬਾਜ਼ਾਰ, ਮੇਹਰ ਚੰਦ ਡਿਫੈਂਸ ਮਾਰਕੀਟ, ਹੋਜ ਖਾਸ ਬਾਜ਼ਾਰਾਂ ਵਿਚ ਜਾ ਕੇ ਦੁਕਾਨਦਾਰਾਂ ਨੂੰ ਮਿਲੇ ਤੇ ਉਨ੍ਹਾਂ ਨੇ ਸੀਲਿੰਗ ਤੇ ਮੰਦੇ ਹਾਲ ਬਾਜ਼ਾਰਾਂ ਲਈ ਕੇਂਦਰ ਤੇ ਭਾਜਪਾ ਸਰਕਾਰ ਨੂੰ ਰੱਜ ਕੇ ਭੰਡਿਆ।
ਓਧਰ ਮਾਮਲੇ ਬਾਰੇ ਪਾਰਟੀ ਜਾਣਕਾਰਾਂ ਦੀ ਮੰਨੀਏ ਤਾਂ ਕੇਜਰੀਵਾਲ 'ਆਪ' ਪਾਰਟੀ ਨੂੰ ਨਿਗਮ ਚੋਣਾਂ ਵਿਚ ਦਿੱਲੀ ਵਿਚ ਮਿਲੀ ਕਰਾਰੀ ਹਾਰ ਤੋਂ ਕਾਫੀ ਚਿੰਤਾ ਵਿਚ ਹੈ ਤੇ ਜਿਸ ਤਰ੍ਹਾਂ ਕੇਂਦਰ ਸਰਕਾਰ 'ਆਪ' ਦੇ 20 ਵਿਧਾਇਕਾਂ ਨੂੰ ਚੋਣ ਕਮਿਸ਼ਨ ਵਲੋਂ ਰੱਦ ਕਰਨ 'ਤੇ ਤੁਲੀ ਹੋਈ ਹੈ, ਉਸ ਤੋਂ ਸਾਫ ਹੈ ਕਿ ਕਿਸੇ ਵੀ ਸਮੇਂ ਦਿੱਲੀ ਵਿਚ ਚੋਣ ਬਿਗੁਲ ਵਜਾਇਆ ਜਾ ਸਕਦਾ ਹੈ।  ਇਸ ਲਈ ਹੁਣ ਕੇਜਰੀਵਾਲ ਆਪਣੀ ਪੂਰੀ ਵਾਹ ਲਾ ਰਹੇ ਹਨ ਕਿ ਜੇਕਰ ਦਿੱਲੀ ਵਿਚ ਉਪ ਚੋਣਾਂ ਹੁੰਦੀਆਂ ਹਨ ਤਾਂ ਹਰ ਹਾਲ ਵਿਚ ਭਾਜਪਾ ਨੂੰ ਕਰਾਰਾ ਝਟਕਾ ਦਿੱਤਾ ਜਾ ਸਕੇ ਤੇ ਕੇਜਰੀਵਾਲ ਵੀ ਜਾਣਦੇ ਹਨ ਕਿ ਜੇਕਰ ਨਿਗਮ ਚੋਣਾਂ ਵਾਂਗ ਵਿਧਾਨ ਸਭਾ ਚੋਣਾਂ ਦੀਆਂ 70 ਸੀਟਾਂ 'ਤੇ ਭਾਜਪਾ ਕਾਬਜ਼ ਹੋ ਗਈ ਤਾਂ ਆਮ ਆਦਮੀ ਪਾਰਟੀ ਦਾ ਪੂਰੇ ਦੇਸ਼ ਵਿਚੋਂ ਬੋਰੀਆ ਬਿਸਤਰਾ ਗੋਲ ਹੋ ਜਾਵੇਗਾ ਤੇ ਛੇਤੀ ਕਿਤੇ 'ਆਪ' ਪਾਰਟੀ ਦੇ ਪੈਰ ਸਿਆਸੀ ਜ਼ਮੀਨ 'ਤੇ ਟਿਕ ਨਹੀਂ ਸਕਣਗੇ।
'ਆਪ' ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਬੀਤੇ ਦਿਨੀਂ ਦਿੱਲੀ ਦੇ ਬਾਜ਼ਾਰਾਂ ਵਿਚ ਜਾ ਕੇ ਥਾਂ-ਥਾਂ ਭਾਜਪਾ ਤੇ ਕੇਂਦਰ ਸਰਕਾਰ ਦੀ ਭਰਪੂਰ ਨਿਖੇਧੀ ਕੀਤੀ। ਇਸ ਤੋਂ ਸਾਫ ਹੈ ਕਿ ਕੇਜਰੀਵਾਲ ਨੂੰ ਪਤਾ ਹੈ ਕਿ ਦਿੱਲੀ ਵਿਚ ਜੇਕਰ ਚੋਣਾਂ ਹੁੰਦੀਆਂ ਹਨ ਤਾਂ ਉਨ੍ਹਾਂ ਦਾ ਸਿੱਧਾ ਮੁਕਾਬਲਾ ਭਾਜਪਾ ਨਾਲ ਹੋਵੇਗਾ, ਨਾ ਕਿ ਕਾਂਗਰਸ ਨਾਲ ਤੇ ਜੇਕਰ 2019 ਤੱਕ ਆਪਣਾ ਮਜ਼ਬੂਤ ਆਧਾਰ ਬਣਾ ਕੇ ਰੱਖਣਾ ਹੈ ਤਾਂ 'ਆਪ' ਪਾਰਟੀ ਨੂੰ ਦਿੱਲੀ ਵਿਚ ਆਪਣੀ ਸਰਕਾਰ ਕਾਇਮ ਰੱਖਣੀ ਪਵੇਗੀ। ਖਰਾਬ ਸੜਕਾਂ ਤੇ ਸੀਵਰੇਜ ਦੇ ਨਾਂ 'ਤੇ ਕੇਜਰੀਵਾਲ ਨੂੰ ਜਿਥੇ ਇਹ ਮੌਕਾ ਮਿਲ ਰਿਹਾ ਹੈ ਕਿ ਉਹ ਭਾਜਪਾ ਦੇ ਨਗਰ ਨਿਗਮ ਪ੍ਰਸ਼ਾਸਨ ਨੂੰ ਨਿਕੰਮਾ ਕਹਿਣ, ਉਥੇ ਪ੍ਰਸ਼ਾਸਨਿਕ ਪੱਧਰ 'ਤੇ ਐੱਲ. ਜੀ. ਤੇ ਕੇਂਦਰ ਸਰਕਾਰ ਨੂੰ ਕੋਸਣ ਦਾ ਕੋਈ ਮੌਕਾ ਨਹੀਂ ਛੱਡ ਰਹੇ। ਹੁਣ ਦੇਖਣਾ ਹੋਵੇਗਾ ਕਿ ਭਾਜਪਾ ਦੇ ਜਰਨੈਲ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਤੇ ਅਰੁਣ ਜੇਤਲੀ ਸ਼ਾਮਲ ਹਨ ਕੀ ਕੇਜਰੀਵਾਲ ਨੂੰ ਦਿੱਲੀ ਵਿਚ ਚਿੱਤ ਕਰਦੇ ਹਨ ਜਾਂ ਫਿਰ ਕੇਜਰੀਵਾਲ ਨੇ ਜੋ ਜਨਤਾ ਦੇ ਦਰਬਾਰ ਵਿਚ ਜਾ ਕੇ ਭਾਜਪਾ ਦੀ ਥੂ-ਥੂ ਕਰਨ ਦੀ ਯੋਜਨਾ ਨੂੰ ਅਮਲੀਜਾਮਾ ਪੁਆਉਣਾ ਸ਼ੁਰੂ ਕੀਤਾ ਹੋਇਆ ਹੈ, ਉਹ ਕੁਝ ਰੰਗ ਲਿਆਉਂਦੀ ਹੈ ਤੇ ਭਾਜਪਾ ਨੂੰ ਚਿੱਤ ਕਰਦੀ ਹੈ।


Related News