ਸੜਕ ਹਾਦਸਿਆਂ ਨੂੰ ਰੋਕਣ ਲਈ ਹੋਵਗੀ ਆਧੁਨਿਕ ਤਕਨਾਲੋਜੀ ਵਰਤੋਂ : ਅਰੁਣਾ ਚੌਧਰੀ
Wednesday, Dec 05, 2018 - 08:51 AM (IST)
ਚੰਡੀਗੜ੍ਹ : ਸੜਕੀ ਹਾਦਸਿਆਂ ਨੂੰ ਠੱਲ ਪਾਉਣ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ ਅਤੇ ਸੜਕੀ ਸੁਰੱਖਿਆ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਜਾਵੇਗਾ। ਇਹ ਗੱਲ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਇਥੇ ਪੰਜਾਬ ਰਾਜ ਸਟੇਟ ਰੋਡ ਸੇਫਟੀ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਉਪਰੰਤ ਜਾਰੀ ਬਿਆਨ 'ਚ ਕਹੀ। ਪੰਜਾਬ ਭਵਨ ਵਿਖੇ ਹੋਈ ਮੀਟਿੰਗ 'ਚ ਚੌਧਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਧੁਨਿਕ ਯੰਤਰਾਂ ਦੀ ਮੱਦਦ ਨਾਲ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਜਾਵੇ। ਈ-ਚਲਾਨਿੰਗ ਦੇ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਰੋਕਣ ਲਈ ਮਸ਼ੀਨਾਂ ਦੀ ਵਰਤੋਂ, ਤੇਜ਼ ਸਪੀਡ ਵਾਲੇ ਵਾਹਨਾਂ ਦੀ ਸ਼ਨਾਖਤ ਲਈ ਸਪੀਡ ਗੰਨਜ਼ ਅਤੇ ਓਵਰ ਲੋਡਿੰਗ ਨੂੰ ਰੋਕਣ ਲਈ ਭਾਰ ਤੋਲਣ ਵਾਲੀਆਂ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਤੇਜ਼ ਸਪੀਡ ਨੂੰ ਰੋਕਣ ਲਈ ਚੰਡੀਗੜ੍ਹ-ਨੰਗਲ ਮੁੱਖ ਮਾਰਗ ਨੂੰ ਪਾਇਲਟ ਪ੍ਰਾਜੈਕਟ ਵਜੋਂ ਲੈਂਦੇ ਹੋਏ ਇਥੇ ਦੁਰਘਟਨਾ ਦੀ ਸੰਭਾਵਨਾਵਾਂ ਵਾਲੀਆਂ ਥਾਵਾਂ 'ਤੇ ਸਪੀਡ ਕੈਮਰੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਓਵਰ ਲੋਡਿੰਗ ਦੀ ਸਮੱਸਿਆ ਨੂੰ ਰੋਕਣ ਲਈ ਟੋਲ ਪਲਾਜ਼ਿਆਂ ਤੋਂ ਇਲਾਵਾ ਹੋਰ ਵੀ ਸਥਾਨਾਂ 'ਤੇ ਵਾਹਨਾਂ ਦੇ ਭਾਰ ਚੈਕ ਕੀਤੇ ਜਾਣ। ਚੌਧਰੀ ਨੇ ਕਿਹਾ ਕਿ ਸੜਕੀ ਸੁਰੱਖਿਆ ਨਿਯਮਾਂ ਦੀ ਪਾਲਣਾ ਜਿੱਥੇ ਸਖਤੀ ਨਾਲ ਲਾਗੂ ਕਰਨ ਨਾਲ ਹੋ ਸਕਦੀ ਹੈ, ਉਥੇ ਸਭ ਤੋਂ ਜ਼ਰੂਰੀ ਜਾਗਰੂਕਤਾ ਮੁਹਿੰਮ ਵਿੱਢੀ ਜਾਵੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਖਾਸ ਤੌਰ 'ਤੇ ਜਾਗਰੂਕ ਕੈਂਪ ਲਾਏ ਜਾਣ। ਇਸ ਸਬੰਧੀ ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਦਿਆਰਥੀਆਂ ਦੇ ਸਿਲੇਬਸ 'ਚ ਸੜਕੀ ਸੁਰੱਖਿਆ ਨਿਯਮਾਂ ਨੂੰ ਸ਼ਾਮਲ ਕਰਨ ਦੇ ਨਾਲ ਸਵੇਰ ਦੀਆਂ ਪ੍ਰਾਰਥਨਾ ਸਭਾ 'ਚ ਵੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਪੁਲਸ ਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਵਾਹਨ ਬਿਨਾਂ ਰਿਫੈਲਕਟਰਾਂ ਦੇ ਸੜਕ ਉਪਰ ਨਾ ਚੱਲੇ।
