ਅਰੁਣਾ ਚੌਧਰੀ ਤੇ ਰਜ਼ੀਆ ਸੁਲਤਾਨਾ ਬਣਨਗੀਆਂ ਕੈਬਨਿਟ ਮੰਤਰੀ

04/21/2018 6:39:33 AM

ਜਲੰਧਰ (ਧਵਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਸਿੱਖਿਆ ਮੰਤਰੀ  ਅਰੁਣਾ ਚੌਧਰੀ ਅਤੇ ਲੋਕ ਨਿਰਮਾਣ ਮੰਤਰੀ ਰਜ਼ੀਆ ਸੁਲਤਾਨਾ ਨੂੰ ਪ੍ਰਮੋਸ਼ਨ ਦੇ ਦਿੱਤੀ ਹੈ। ਇਸ ਸਮੇਂ ਦੋਵੇਂ ਰਾਜ ਮੰਤਰੀ ਦੇ ਅਹੁਦੇ 'ਤੇ ਬਿਰਾਜਮਾਨ ਹਨ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਅਰੁਣਾ ਤੇ ਰਜ਼ੀਆ ਨੂੰ ਕੱਲ ਪ੍ਰਮੋਟ ਕਰਦਿਆਂ ਕੈਬਨਿਟ ਮੰਤਰੀ ਦਾ ਦਰਜਾ ਦੇ ਦਿੱਤਾ ਜਾਵੇਗਾ। ਪਿਛਲੇ ਕੁਝ ਦਿਨਾਂ ਤੋਂ ਅਜਿਹਾ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਇਨ੍ਹਾਂ ਵਿਚੋਂ ਕੁਝ ਮੰਤਰੀਆਂ ਦੇ ਵਿਭਾਗਾਂ ਵਿਚ ਤਬਦੀਲੀ ਕਰ ਦਿੱਤੀ ਜਾਵੇ ਪਰ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਸਾਰੀਆਂ ਅਫਵਾਹਾਂ 'ਤੇ ਰੋਕ ਲਾਉਂਦਿਆਂ  ਉਨ੍ਹਾਂ ਦੀ ਬਿਹਤਰ ਕਾਰਗੁਜ਼ਾਰੀ ਨੂੰ ਵੇਖਦਿਆਂ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇਣ ਦਾ ਫੈਸਲਾ ਲਿਆ।
ਅਰੁਣਾ ਚੌਧਰੀ ਸੂਬੇ ਦੀ ਸਿੱਖਿਆ ਮੰਤਰੀ ਦੇ ਅਹੁਦੇ 'ਤੇ ਕੰਮ ਕਰ ਰਹੀ ਸੀ ਤੇ ਇਸ ਦੌਰਾਨ ਉਨ੍ਹਾਂ ਸਿੱਖਿਆ ਵਿਭਾਗ ਵਿਚ ਕਈ ਸੁਧਾਰ ਕੀਤੇ। ਸਿੱਖਿਆ ਬੋਰਡ ਵਿਚ ਵੀ ਕਾਫੀ ਸੁਧਾਰ ਕੀਤੇ ਗਏ। ਅੰਗਰੇਜ਼ੀ ਭਾਸ਼ਾ ਨੂੰ ਮੁੱਖ ਮੰਤਰੀ ਦੀ ਸਹਿਮਤੀ ਨਾਲ ਪਹਿਲੀ ਕਲਾਸ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਇਸੇ ਤਰ੍ਹਾਂ ਸਪੋਰਟਸ ਪੀਰੀਅਡ ਨੂੰ ਪਹਿਲੀ ਕਲਾਸ ਤੋਂ ਲਾਗੂ ਕਰਨ ਦਾ ਫੈਸਲਾ ਮੁੱਖ ਮੰਤਰੀ ਵਲੋਂ ਲਿਆ ਗਿਆ। ਤਬਾਦਲਿਆਂ ਦੌਰਾਨ ਹੋਣ ਵਾਲੀਆਂ ਬੇਨਿਯਮੀਆਂ ਨੂੰ ਦੂਰ ਕਰਨ ਲਈ ਆਨਲਾਈਨ ਤਬਾਦਲਾ ਨੀਤੀ ਲਾਗੂ ਕੀਤੀ ਗਈ।
ਇਸੇ ਤਰ੍ਹਾਂ ਲੋਕ ਨਿਰਮਾਣ ਮੰਤਰੀ ਰਜ਼ੀਆ ਸੁਲਤਾਨਾ ਨੇ ਆਪਣੇ ਵਿਭਾਗ ਵਿਚ ਸੁਧਾਰਾਂ ਨੂੰ ਹੱਲਾਸ਼ੇਰੀ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਵੀ ਸੂਬਾ ਮੰਤਰੀ ਤੋਂ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾਉਣ ਦਾ ਫੈਸਲਾ ਮੁੱਖ ਮੰਤਰੀ ਵਲੋਂ ਲਿਆ ਗਿਆ। ਕੁਲ ਮਿਲਾ ਕੇ ਮੁੱਖ ਮੰਤਰੀ ਨੇ ਜਿੱਥੇ ਰਜ਼ੀਆ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ ਮੁਸਲਮਾਨ ਭਾਈਚਾਰੇ ਨੂੰ ਕਾਂਗਰਸ ਨਾਲ ਜੋੜਨ ਦੀ ਰਣਨੀਤੀ 'ਤੇ ਕੰਮ ਕੀਤਾ ਹੈ, ਉਥੇ ਹੀ ਔਰਤ ਵੋਟਰਾਂ ਨੂੰ ਕਾਂਗਰਸ ਵੱਲ ਲਿਆਉਣ ਲਈ 2 ਔਰਤਾਂ ਨੂੰ ਤਰੱਕੀ ਦਿੱਤੀ ਗਈ। ਮੁੱਖ ਮੰਤਰੀ ਦੇ ਇਸ ਫੈਸਲੇ ਨਾਲ ਦੋਵੇਂ ਔਰਤ ਮੰਤਰੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।


Related News