ਸੰਨੀ ਦਿਓਲ ''ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਵੱਡੇ ਹਮਲੇ (ਵੀਡੀਓ)

Thursday, May 09, 2019 - 07:16 PM (IST)

ਗੁਰਦਾਸਪੁਰ— ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ 'ਚ ਪ੍ਰਚਾਰ ਕਰਨ ਪਹੁੰਚੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਭਾਜਪਾ ਉਮੀਦਵਾਰ ਸੰਨੀ ਦਿਓਲ 'ਤੇ ਵੱਡੇ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਸੰਨੀ ਦਿਓਲ ਗੁਰਦਾਸਪੁਰ ਸੀਟ ਤੋਂ ਬੁਰੀ ਤਰ੍ਹਾਂ ਹਾਰ ਕੇ ਮੁੰਬਈ ਵਾਪਸ ਜਾਣਗੇ। ਅਰੁਣਾ ਨੇ ਕਿਹਾ ਕਿ ਭਾਜਪਾ ਇਕ ਨੈਸ਼ਨਲ ਪਾਰਟੀ ਹੋ ਕੇ ਵੀ ਉਸ ਨੂੰ ਆਪਣੇ ਕਿਸੇ ਵੀ ਲੀਡਰ 'ਤੇ ਭਰੋਸਾ ਨਹੀਂ ਆਇਆ ਕਿ ਕੋਈ ਸੁਨੀਲ ਜਾਖੜ ਦਾ ਮੁਕਾਬਲਾ ਕਰ ਸਕਦਾ ਹੈ, ਇਸੇ ਕਰਕੇ ਉਨ੍ਹਾਂ ਨੇ ਪੈਰਾਸ਼ੂਟ ਰਾਹੀਂ ਆਪਣਾ ਉਮੀਦਵਾਰ ਉਤਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਨੀ ਦਿਓਲ ਨੂੰ ਤਾਂ ਸਿਆਸਤ ਦਾ 'ਓ' ਤੱਕ ਵੀ ਨਹੀਂ ਆਉਂਦਾ। ਸੰਨੀ ਦਿਓਲ ਤਾਂ ਖੁਦ ਕਹਿੰਦੇ ਹਨ ਕਿ ਉਨ੍ਹਾਂ ਨੂੰ ਰਾਜਨੀਤੀ ਨਹੀਂ ਆਉਂਦੀ ਅਤੇ ਨਾ ਹੀ ਪੰਜਾਬੀ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸੰਨੀ ਦਿਓਲ ਨੂੰ ਤਾਂ ਸਹੁੰ ਵੀ ਐੱਸ. ਡੀ. ਐੱਮ. ਨੇ ਚੁਕਾਈ ਸੀ। ਸੰਨੀ ਨੂੰ ਗੁਰਦਾਸਪੁਰ ਦੀਆਂ ਸਮੱਸਿਆਵਾਂ ਬਾਰੇ ਵੀ ਕੁਝ ਨਹੀਂ ਪਤਾ। 

ਅਰੁਣਾ ਨੇ ਤਿੱਖੇ ਹਮਲੇ ਕਰਦੇ ਕਿਹਾ ਕਿ ਲੋਕਾਂ 'ਚ ਸਿਰਫ ਸੰਨੀ ਦਿਓਲ ਨੂੰ ਦੇਖਣ ਦਾ ਕ੍ਰੇਜ਼ ਹੈ ਪਰ ਉਨ੍ਹਾਂ ਨੂੰ ਵੋਟਾਂ 'ਚ ਕਨਵਰਟ ਕਰਨਾ ਬੇਹੱਦ ਮੁਸ਼ਕਿਲ ਹੈ ਅਤੇ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਾਇਦ ਯੂਥ ਉਨ੍ਹਾਂ ਦਾ ਚਿਹਰਾ ਦੇਖ ਕੇ ਵੋਟਾਂ ਪਾ ਦੇਵੇ ਪਰ ਸੰਨੀ ਬੁਰੀ ਤਰ੍ਹਾਂ ਹਾਰ ਕੇ ਮੁੰਬਈ ਵਾਪਸ ਜਾਣਗੇ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 14 ਕਰੋੜ ਬੁਢਾਪਾ ਪੈਨਸ਼ਨ ਦੇ ਪੈਂਡਿੰਗ ਹੋਣ ਦੇ ਕੈਪਟਨ ਸਰਕਾਰ 'ਤੇ ਲਗਾਏ ਗਏ ਦੋਸ਼ਾਂ ਨੂੰ ਅਰੁਣਾ ਚੌਧਰੀ ਨੇ ਨਕਾਰਦੇ ਹੋਏ ਕਿਹਾ ਕਿ ਇਹ ਬਿਲਕੁਲ ਝੂਠ ਹੈ। ਪੈਨਸ਼ਨ ਕਿਸੇ ਦੀ ਵੀ ਪੈਂਡਿੰਗ ਨਹੀਂ ਹੈ ਅਤੇ ਹਰ ਮਹੀਨੇ ਲਗਾਤਾਰ ਬੁਢਾਪਾ ਪੈਨਸ਼ਨ ਲੋਕਾਂ ਦੇ ਖਾਤਿਆਂ 'ਚ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਨੂੰ ਕੋਈ ਵੀ ਅੱਜ ਪੁੱਛ ਨਹੀਂ ਰਿਹਾ ਹੈ, ਜਿਸ ਕਰਕੇ ਉਹ ਸਟੇਜਾਂ ਤੋਂ ਝੂਠ ਬੋਲ ਰਹੇ ਹਨ ਅਤੇ ਅਜਿਹੇ ਬਿਆਨ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲੇ ਸਾਲ 'ਚ ਹੀ 500 ਤੋਂ 750 ਪੈਨਸ਼ਨ ਕਰ ਦਿੱਤੀ ਸੀ, ਜਦਕਿ ਅਕਾਲੀਆਂ ਨੇ 10 ਸਾਲ ਰਾਜ ਕਰਨ 'ਤੇ ਵੀ ਸਿਰਫ 250 ਤੋਂ 500 ਰੁਪਏ ਹੀ ਪੈਨਸ਼ਨ ਵਧਾਈ ਸੀ। ਇਸ ਤੋਂ ਇਲਾਵਾ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ। ਉਨ੍ਹਾਂ ਨੇ ਕਿਹਾ ਅਕਾਲੀ ਪਹਿਲਾਂ ਆਪਣੀ ਮੰਝੀ ਥੱਲੇ ਸੋਟੇ ਮਾਰ ਕੇ ਦੇਖਣ ਕਿ ਉਨ੍ਹਾਂ ਨੇ 10 ਸਾਲਾਂ 'ਚ ਕੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨਾਲ ਜੁੜੇ ਮਸਲਿਆਂ ਨੂੰ ਪੂਰੀ ਤਰ੍ਹਾਂ ਹਲ ਕਰ ਰਹੇ ਹਾਂ ਅਤੇ ਸਾਡੀ ਸਰਕਾਰ ਦੇ ਅਜੇ 3 ਸਾਲ ਹੋਰ ਬਾਕੀ ਹਨ ਅਤੇ ਰਹਿੰਦੇ ਵਾਅਦਿਆਂ ਨੂੰ ਵੀ ਜਲਦੀ ਪੂਰਾ ਕਰ ਲਿਆ ਜਾਵੇਗਾ।


author

shivani attri

Content Editor

Related News