ਨਕਲੀ ਸਿੱਕਿਆਂ ਦੇ ਅਦਾਨ-ਪ੍ਰਦਾਨ ਜ਼ਰੀਆ ਬਣੇ ਟੋਲ ਪਲਾਜ਼ਾ
Wednesday, May 22, 2019 - 03:35 PM (IST)

ਬਠਿੰਡਾ ਛਾਉਣੀ—21 ਮਈ-ਦੇਸ਼ 'ਚ 5 ਰੁਪਏ ਦੇ ਨਕਲੀ ਸਿੱਕਿਆਂ ਦਾ 'ਕਾਲਾ-ਧੰਦਾ' ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਟੋਲ ਪਲਾਜ਼ਾ ਤੋਂ ਵੀ ਰੋਜ਼ਾਨਾ ਵੱਡੀ ਗਿਣਤੀ 'ਚ ਪ੍ਰਾਪਤ ਹੋ ਰਹੇ ਪੰਜ ਰੁਪਏ ਦੇ ਨਕਲੀ ਸਿੱਕੇ ਦੇਸ਼ ਦੀ ਆਰਥਿਕਤਾ ਨੂੰ 'ਖੋਰਾ' ਲਾ ਰਹੇ ਹਨ। ਧਿਆਨ 'ਚ ਲਿਆਉਣ ਦੇ ਬਾਵਜੂਦ ਇਸ ਬੇਹੱਦ ਸੰਵੇਦਨਸ਼ੀਲ ਮੁੱਦੇ ਦਾ ਨਾ ਤਾਂ ਵਿੱਤ ਮੰਤਰੀ ਪੰਜਾਬ ਸ: ਮਨਪ੍ਰੀਤ ਸਿੰਘ ਬਾਦਲ ਨੇ ਕੋਈ ਨੋਟਿਸ ਲਿਆ ਅਤੇ ਨਾ ਹੀ ਨੋਇਡਾ ਮੁਦਰਾ ਟਕਸਾਲ ਨੇ ਪੜਤਾਲ ਕਰਨ ਦੀ ਖੇਚਲ ਕੀਤੀ। ਹੁਣ ਹਰਿਆਣਾ ਦੇ ਬਹਾਦਰਗੜ੍ਹ ਵਿਖੇ 5 ਰੁਪਏ ਦੇ ਨਕਲੀ ਸਿੱਕੇ ਬਣਾਉਣ ਅਤੇ ਟੋਲ ਪਲਾਜ਼ਿਆਂ ਰਾਹੀਂ ਬਾਜ਼ਾਰ 'ਚ ਖਪਾਉਣ ਦਾ ਮਾਮਲਾ ਸਾਹਮਣੇ ਆਉਣ 'ਤੇ 'ਬਿੱਲੀ' ਥੈਲਿਓਂ ਬਾਹਰ ਆ ਗਈ ਹੈ।
ਇਕ ਔਰਤ ਸਣੇ ਫੜੇ ਗਏ ਚਾਰ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਸਿਰਫ਼ ਤਿੰਨ ਮਹੀਨਿਆਂ 'ਚ 3 ਕਰੋੜ ਰੁਪਏ ਦੇ ਨਕਲੀ ਸਿੱਕੇ ਬਣਾ ਕੇ ਬਾਜ਼ਾਰ 'ਚ ਖਪਾ ਚੁੱਕੇ ਹਨ, ਜਦਕਿ ਸੂਤਰਾਂ ਦਾ ਕਹਿਣਾ ਹੈ ਕਿ ਨਕਲੀ ਸਿੱਕਿਆਂ ਦਾ ਇਹ ਨਾਪਾਕ ਧੰਦਾ ਕਾਫ਼ੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਪੁਰਾਣੇ ਸਿੱਕੇ ਅਤੇ ਸਭਿਆਚਾਰਕ ਵਸਤਾਂ ਸੰਭਾਲ ਕੇ ਰੱਖਣ ਦੇ ਸ਼ੌਕੀਨ ਬੀਬੀ ਵਾਲਾ ਰੋਡ ਬਠਿੰਡਾ ਵਾਸੀ ਅਮਰੀਕ ਸਿੰਘ ਸ਼ੀਂਹ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ 5 ਰੁਪਏ ਦੇ ਨਕਲੀ ਸਿੱਕਿਆਂ ਦਾ ਪਰਦਾਫਾਸ਼ ਕਰਨ ਦੀਆਂ ਕੋਸ਼ਿਸ਼ਾਂ 'ਚ ਜੁਟੇ ਹੋਏ ਸਨ, ਪਰ ਸਰਕਾਰੀ ਜਾਂ ਪ੍ਰਸ਼ਾਸਨਿਕ ਪੱਧਰ 'ਤੇ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। 14 ਅਕਤੂਬਰ 2018 ਨੂੰ ਬਠਿੰਡਾ ਵਿਖੇ ਖ਼ੂਨਦਾਨ ਸਬੰਧੀ ਹੋਏ ਇਕ ਸਮਾਗਮ ਮੌਕੇ ਪਹੁੰਚੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੂੰ ਨਿੱਜੀ ਤੌਰ 'ਤੇ ਮਿਲ ਕੇ ਅਮਰੀਕ ਸਿੰਘ ਨੇ ਬਾਜ਼ਾਰ 'ਚ 5 ਰੁਪਏ ਦੇ ਨਕਲੀ ਸਿੱਕੇ ਚੱਲਦੇ ਹੋਣ ਦੀ ਸ਼ਿਕਾਇਤ ਕੀਤੀ ਸੀ। ਵਿੱਤ ਮੰਤਰੀ ਨੇ ਉਸ ਸਮੇਂ 'ਮੈਂ ਪਤਾ ਕਰਦਾ ਹਾਂ ਕਹਿ ਕੇ ਮਾਮਲਾ ਠੰਢੇ ਬਸਤੇ 'ਚ ਪਾ ਦਿੱਤਾ ਅਤੇ ਬਾਅਦ 'ਚ ਵੀ ਉਨ੍ਹਾਂ ਨੇ ਇਸ ਗੰਭੀਰ ਮੁੱਦੇ ਦਾ ਕੋਈ ਨੋਟਿਸ ਨਹੀਂ ਲਿਆ।
ਜ਼ਿਕਰਯੋਗ ਹੈ ਕਿ ਭਾਰਤ ਵਿਚ ਚਾਰ ਮੁਦਰਾ ਟਕਸਾਲਾਂ ਕਲਕੱਤਾ, ਮੁੰਬਈ, ਨੋਇਡਾ ਅਤੇ ਹੈਦਰਾਬਾਦ ਵਿਖੇ ਸਥਿਤ ਹਨ। ਟੋਲ ਪਲਾਜ਼ਿਆਂ 'ਤੇ ਪਰਚੀ ਕਟਵਾਉਣ ਸਮੇਂ ਰਾਹਗੀਰਾਂ ਨੂੰ ਜ਼ਿਆਦਾਤਰ 5 ਰੁਪਏ ਦੇ ਸਿੱਕੇ ਹੀ ਮੋੜੇ ਜਾਂਦੇ ਹਨ।