ਅਰਸ਼ਦੀਪ ਸਿੰਘ ਨੇ ਦੁਨੀਆ ਭਰ 'ਚ ਵਧਾਇਆ ਜਲੰਧਰ ਦਾ ਮਾਣ, ਕੈਮਰੇ 'ਚ ਕੈਦ ਕੀਤੀ ਇਹ ਖ਼ੂਬਸੂਰਤ ਤਸਵੀਰ
Thursday, Dec 15, 2022 - 06:35 PM (IST)
ਜਲੰਧਰ- ਜਲੰਧਰ ਦੇ ਹਿੱਸੇ ਇਕ ਐਵਾਰਡ ਆਇਆ ਹੈ। ਦਰਅਸਲ ਦੁਨੀਆ ਭਰ ਵਿਚੋਂ ਚੁਣੀਆਂ ਗਈਆਂ 40 ਤਸਵੀਰਾਂ ਵਿਚੋਂ ਅਰਸ਼ਦੀਪ ਦੀ ਖਿੱਚੀ ਉੱਲੂ ਦੀ ਤਸਵੀਰ ਸਭ ਤੋਂ ਉੱਪਰ ਆਈ ਹੈ। ਸ਼ਹਿਰ ਦੇ ਰਹਿਣ ਵਾਲੇ 15 ਸਾਲ ਦੇ ਅਰਸ਼ਦੀਪ ਸਿੰਘ ਕਾਮੇਡੀ ਵਾਈਲਡ ਲਾਈਫ ਫੋਟੋਗ੍ਰਾਫੀ ਐਵਾਰਡਸ 2022 ਦੀ ਜੂਨੀਅਰ ਕੈਟੇਗਿਰੀ ਵਿੱਚ ਜੇਤੂ ਰਹੇ ਹਨ। ਉਨ੍ਹਾਂ ਨੇ ਆਪਣੀ ਫੋਟੋ ਆਈ. ਸੀ. ਯੂ. ਬਾਏ ਲਈ ਐਵਾਰਡ ਹਾਸਲ ਕੀਤਾ ਹੈ। ਵਾਈਲਡ ਲਾਈਫ ਮਾਹਿਰ ਇਸ ਮੁਕਾਬਲੇ ਵਿੱਚ ਸ਼ਾਮਲ ਹੋਣ ਲਈ ਪੂਰੀ ਦੁਨੀਆ ਦੇ ਵਾਈਲਡ ਲਾਈਫ ਮਾਹਿਰ ਹਿੱਸਾ ਲੈਂਦੇ ਹਨ। ਮੁਕਾਬਲਿਆਂ ਵਿੱਚ ਵਿਸ਼ਵ ਭਰ ਤੋਂ 40 ਤਸਵੀਰਾਂ ਸ਼ਾਰਟ ਲਿਸਟ ਕੀਤੀਆਂ ਗਈਆਂ ਹਨ। ਇਸ ਦੇ ਬਾਅਦ ਹਾਲ ਹੀ ਵਿੱਚ ਜੇਤੂਆਂ ਦਾ ਐਲਾਨ ਕੀਤਾ ਗਿਆ। ਐਲਾਨ ਐਵਾਰਡ ਵਿੱਚ ਜੂਨੀਅਰ ਕੈਟੇਗਿਰੀ ਵਿੱਚ 15 ਸਾਲਾ ਅਰਸ਼ਦੀਪ ਸਿੰਘ ਜੇਤੂ ਰਹੇ ਹਨ। ਅਰਸ਼ਦੀਪ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਸਿੱਖਦੇ ਹਨ। ਸਿੱਖਣ ਨਾਲ ਹਰ ਦਿਨ ਇਕ ਬਿਹਤਰ ਫੋਟੋਗ੍ਰਾਫਰ ਬਣਨ ਵਿਚ ਮਦਦ ਮਿਲਦੀ ਹੈ। ਇਸ ਮੁਕਾਬਲੇ ਲਈ ਨਵੰਬਰ ਵਿੱਚ ਵੋਟਿੰਗ ਅਤੇ 11 ਦਸੰਬਰ ਨੂੰ ਰਿਜ਼ਲਟ ਐਲਾਨਿਆ ਗਿਆ। ਇਥੇ ਦੱਸਣਯੋਗ ਹੈ ਕਿ ਅਰਸ਼ਦੀਪ ਇਸ ਤੋਂ ਪਹਿਲਾਂ ਵੀ ਕਈ ਸਾਰੇ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਐਵਾਰਡ ਹਾਸਲ ਕਰ ਚੁੱਕੇ ਹਨ। ਰਣਦੀਪ ਸਿੰਘ ਦੇ ਬੇਟੇ ਅਰਸ਼ਦੀਪ ਜੂਨੀਅਰ ਏਸ਼ੀਅਨ ਵਾਈਲਡ ਲਾਈਫ ਫੋਟੋਗ੍ਰਾਫਰ ਆਫ਼ ਦੀ ਈਅਰ 2021 ਐਵਾਰਡ ਵੀ ਜਿੱਤ ਚੁੱਕੇ ਹਨ। ਉਨ੍ਹਾਂ ਦੀ ਦੂਜੀ ਫੋਟੋ ਜੂਨੀਅਰ ਵਰਗ ਵਿਚ ਹਾਈਲੀ ਆਨਰਡ (ਰਨਰ ਅਪ) ਐਲਾਨਿਆ ਗਿਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦ ਕਰਵਾਇਆ ਇਕ ਹੋਰ ਟੋਲ ਪਲਾਜ਼ਾ, ਮਿਲੇਗੀ ਲੋਕਾਂ ਨੂੰ ਵੱਡੀ ਰਾਹਤ
ਪਹਿਲਾਂ ਵੀ ਐਵਾਰਡ ਕਰ ਚੁੱਕੇ ਨੇ ਆਪਣੇ ਨਾਂ ਅਰਸ਼ਦੀਪ
ਅਰਸ਼ਦੀਪ ਸਿੰਘ ਨੇ ਲੰਡਨ ਸਥਿਤ ਨੈਚੁਰਲ ਹਿਸਟ੍ਰੀ ਮਿਊਜ਼ੀਅਮ ਦੁਆਰਾ ਆਯੋਜਿਤ ਸਲਾਨਾ ਮੁਕਾਬਲੇ ਵਿੱਚ ਸਾਲ 2018 ਦਾ ਵਰਲਡ ਵਾਈਲਡ ਲਾਈਫ ਫੋਟੋਗ੍ਰਾਫਰ (ਅੰਡਰ 11) ਦਾ ਐਵਾਰਡ ਆਪਣੇ ਨਾਮ ਕੀਤਾ ਸੀ। ਉਹ ਅਕਸਰ ਆਪਣੇ ਪਿਤਾ ਦੇ ਨਾਲ ਬਰਡ ਫੋਟੋਗ੍ਰਾਫੀ ਵੀ ਕਰਦੇ ਹਨ। ਉਨ੍ਹਾਂ ਦੀ ਫੋਟੋ ਰਾਸ਼ਟਰੀ ਅਤੇ ਕੌਮਾਂਤਰੀ ਪ੍ਰਕਾਸ਼ਨ-ਲੋਨਲੀ ਪਲੈਨੇਟ ਯੂਕੇ, ਲੋਨਲੀ ਪਲੈਨੇਟ ਜਰਮਨੀ, ਲੋਨਲੀ ਪਲੈਨੇਟ ਇੰਡੀਆ, ਬੀ. ਬੀ. ਸੀ. ਵਾਈਲਡ ਲਾਈਫ ਯੂਕੇ ਅਤੇ ਵਿਸ਼ਵ ਭਰ ਦੀਆਂ ਵੱਖ-ਵੱਖ ਖ਼ਬਰਾਂ ਅਤੇ ਅਖ਼ਬਾਰਾਂ ਵਿੱਚ ਪ੍ਰਦਰਸ਼ਿਤ ਹੋ ਚੁੱਕੀਆਂ ਹਨ।
5 ਸਾਲ ਦੀ ਉਮਰ 'ਚ ਸ਼ੁਰੂ ਕਰ ਦਿੱਤੀ ਗਈ ਫੋਟੋਗ੍ਰਾਫੀ
3 ਦਸੰਬਰ 2007 ਨੂੰ ਜਨਮੇ ਅਰਸ਼ਦੀਪ ਨੂੰ 5 ਸਾਲ ਦੀ ਉਮਰ ਵਿੱਚ ਹੀ ਵਾਈਲਡ ਲਾਈਫ ਫੋਟੋਗ੍ਰਾਫੀ ਦਾ ਸ਼ੌਂਕ ਪੈਦਾ ਹੋ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਤਿੰਨ ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਆਪਣੇ ਨਾਲ ਫੋਟੋਗ੍ਰਾਫੀ 'ਤੇ ਲੈ ਕੇ ਜਾਂਦੇ ਸਨ। ਉਦੋਂ ਉਹ ਉਨ੍ਹਾਂ ਦੇ ਕੈਮਰੇ ਨੂੰ ਵੇਖਦੇ ਸਨ। 5 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਪਹਿਲਾ ਕੈਮਰਾ ਤੋਹਫੇ ਵਜੋ ਦਿੱਤਾ ਸੀ। ਹੌਲੀ-ਹੌਲੀ ਉਨ੍ਹਾਂ ਨੇ ਕੈਮਰਾ ਸਿਖ ਕੇ ਫੋਟੋਗ੍ਰਾਫੀ ਸ਼ੁਰੂ ਕੀਤੀ। ਅਰਸ਼ਦੀਪ ਦੱਸਦੇ ਹਨ ਕਿ ਫੋਟੋਗ੍ਰਾਫੀ ਦੇ ਨਾਲ-ਨਾਲ ਉਹ ਆਪਣੀ ਪੜ੍ਹਾਈ 'ਤੇ ਵੀ ਪੂਰਾ ਧਿਆਨ ਦਿੰਦੇ ਹਨ। ਫੋਟੋਗ੍ਰਾਫੀ ਲਈ ਉਹ ਵੀਕੈਂਡ 'ਤੇ ਟਰੈਵਲ ਕਰਦੇ ਹਨ। ਜਦੋਂ ਨੈਸ਼ਨਲ ਜਾਂ ਸਕੂਲ ਹਾਲੀਡੇਅ ਜ਼ਿਆਦਾ ਹੋਣ ਤਾਂ ਉਹ ਦੂਰ ਸਥਾਨਾਂ 'ਤੇ ਫੋਟੋਗ੍ਰਾਫੀ ਲਈ ਜਾਂਦੇ ਹਨ। ਇਸ ਨਾਲ ਉਨ੍ਹਾਂ ਦੀ ਪੜ੍ਹਾਈ ਅਤੇ ਫੋਟੋਗ੍ਰਾਫੀ ਦੋਹਾਂ ਵਿਚ ਬੈਲੈਂਸ ਬਣਿਆ ਰਹਿੰਦਾ ਹੈ। ਅਰਸ਼ਦੀਪ ਕਹਿੰਦੇ ਹਨ ਕਿ ਲਗਾਤਾਰ ਕੋਸ਼ਿਸ਼ ਕਰਨ ਨਾਲ ਉਨ੍ਹਾਂ ਦੀ ਫੋਟੋਗ੍ਰਾਫੀ ਵਿੱਚ ਨਿਖਾਰ ਆਉਂਦਾ ਗਿਆ।
ਇਹ ਵੀ ਪੜ੍ਹੋ : ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਜਲੰਧਰ ਸਣੇ 7 ਜ਼ਿਲ੍ਹਿਆਂ 'ਚ 2 ਦਿਨ ਲੱਗਣਗੇ ਮੇਲੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ