ਹੁਸ਼ਿਆਰਪੁਰ 'ਚ ਰੈਲੀ ਦੌਰਾਨ ਬੋਲੇ ਰਾਹੁਲ ਗਾਂਧੀ- ਮੋਦੀ ਸਰਕਾਰ ਕਾਰਨ ਦੇਸ਼ 'ਚ ਵਧ ਰਹੀ ਬੇਰੁਜ਼ਗਾਰੀ

Monday, Feb 14, 2022 - 02:02 PM (IST)

ਹੁਸ਼ਿਆਰਪੁਰ 'ਚ ਰੈਲੀ ਦੌਰਾਨ ਬੋਲੇ ਰਾਹੁਲ ਗਾਂਧੀ- ਮੋਦੀ ਸਰਕਾਰ ਕਾਰਨ ਦੇਸ਼ 'ਚ ਵਧ ਰਹੀ ਬੇਰੁਜ਼ਗਾਰੀ

ਹੁਸ਼ਿਆਰਪੁਰ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਯਾਨੀ ਸੋਮਵਾਰ ਨੂੰ ਪੰਜਾਬ ਦੌਰੇ 'ਤੇ ਹੁਸ਼ਿਆਰਪੁਰ ਆਏ ਹੋਏ ਹਨ। ਇੱਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਪੰਜਾਬ ਦੀਆਂ ਚੋਣਾਂ ਬਹੁਤ ਅਹਿਮ ਹਨ। ਕੁਝ ਮਹੀਨੇ ਪਹਿਲਾਂ ਚੰਨੀ ਜੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ।'' ਰਾਹੁਲ ਨੇ ਕਿਹਾ ਕਿ ਚਰਨਜੀਤ ਚੰਨੀ ਜੀ ਗਰੀਬ ਘਰ ਦੇ ਬੇਟੇ ਹਨ। ਉਹ ਡੂੰਘਾਈ ਨਾਲ ਗਰੀਬੀ ਨੂੰ ਸਮਝਦੇ ਹਨ। ਉਹ ਪੰਜਾਬ 'ਚ ਰਸੂਖਦਾਰਾਂ ਦੀ ਸਰਕਾਰ ਨਹੀਂ ਚਲਾਉਣਗੇ। ਪੰਜਾਬ 'ਚ ਕਿਸਾਨਾਂ, ਗਰੀਬਾਂ, ਮਜ਼ਦੂਰਾਂ ਦੀ ਸਰਕਾਰ ਚਲਾਉਣਗੇ। ਨੋਟਬੰਦੀ ਦੇ ਬਾਅਦ ਤੋਂ ਦੇਸ਼ ਦੀ ਬੁਰੀ ਹਾਲਤ ਸ਼ੁਰੂ ਹੋਈ। ਦੇਸ਼ 'ਚ ਬੇਰੁਜ਼ਗਾਰੀ ਫ਼ੈਲ ਗਈ। ਇੰਡਸਟਰੀਆਂ ਤਬਾਹ ਹੋ ਗਈਆਂ। ਜੀ.ਐੱਸ.ਟੀ. ਗਲਤ ਢੰਗ ਨਾਲ ਲਾਗੂ ਕਰ ਦਿੱਤਾ। ਪੀ.ਐੱਮ. ਰੁਜ਼ਗਾਰ, ਭ੍ਰਿਸ਼ਟਾਚਾਰ ਅਤੇ ਕਾਲੇ ਧਨ ਬਾਰੇ ਕੁਝ ਨਹੀਂ ਕਹਿਣਗੇ। ਮੋਦੀ ਸਰਕਾਰ ਤੋਂ ਸਿਰਫ਼ 2-3 ਅਰਬਪਤੀਆਂ ਨੂੰ ਫ਼ਾਇਦਾ ਹੋਇਆ। ਰਾਹੁਲ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ। 

ਰਾਹੁਲ ਨੇ ਪੀ.ਐੱਮ. ਮੋਦੀ ਤੋਂ ਪੁੱਛੇ ਸਵਾਲ
ਰਾਹੁਲ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਹਨ ਤਾਂ ਉਹ ਦੱਸਣ ਕਿ ਉਹ ਕਿਸਾਨਾਂ ਨੂੰ ਮਾਰਨ ਲਈ ਕਾਨੂੰਨ ਕਿਉਂ ਲਿਆਏ? ਡਰੱਗ ਬਾਰੇ ਪਹਿਲਾਂ ਕੁਝ ਕਿਉਂ ਨਹੀਂ ਕਿਹਾ? ਰੁਜ਼ਗਾਰ ਬਾਰੇ ਕਿਉਂ ਨਹੀਂ ਬੋਲਦੇ? ਰਾਹੁਲ ਨੇ ਲੋਕਾਂ ਨੂੰ ਕਿਹਾ ਕਿ ਉਹ ਪੀ.ਐੱਮ. ਤੋਂ ਇਹ ਸਵਾਲ ਪੁੱਛਣ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਨ ਦੇਸ਼ 'ਚ ਬੇਰੁਜ਼ਗਾਰੀ ਵਧ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਪੁੱਛਿਆ ਕਿ ਨੋਟਬੰਦੀ ਦੌਰਾਨ ਕੀ ਤੁਸੀਂ ਕਿਸੇ ਅਰਬਪਤੀ ਨੂੰ ਲਾਈਨ 'ਚ ਖੜ੍ਹੇ ਵੇਖਿਆ? ਉਸ 'ਚ ਤੁਸੀਂ ਕਿਸਾਨ ਦੇਖੇ, ਮਜ਼ਦੂਰ ਦੇਖੇ, ਗਰੀਬ ਲੋਕ ਦੇਖੇ, ਛੋਟੇ ਵਪਾਰੀ ਦੇਖੇ, ਦੁਕਾਨਦਾਰ ਦੇਖੇ ਪਰ ਅਰਬਪਤੀ ਨਹੀਂ ਦੇਖੇ। ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਅਮਿਤ ਸ਼ਾਹ ਇੱਥੇ ਕਿਉਂ ਨਹੀਂ ਆਏ ਅਤੇ ਡਰੱਗ ਦੀ ਗੱਲ ਕਿਉਂ ਨਹੀਂ ਕੀਤੀ? ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਜੋ ਛੋਟੇ ਅਤੇ ਮੱਧਮ ਵਪਾਰ ਵਾਲ ਲੋਕ ਹਨ, ਉਨ੍ਹਾਂ 'ਤੇ ਹਮਲਾ ਕੀਤਾ ਹੈ।

ਇਹ ਵੀ ਪੜ੍ਹੋ : UP, ਉਤਰਾਖੰਡ ਅਤੇ ਗੋਆ 'ਚ ਵੋਟਿੰਗ, PM ਮੋਦੀ ਨੇ ਲੋਕਾਂ ਨੂੰ ਰਿਕਾਰਡ ਗਿਣਤੀ 'ਚ ਵੋਟ ਪਾਉਣ ਦੀ ਕੀਤੀ ਅਪੀਲ

ਸਰਕਾਰ ਨੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿੱਤਾ
ਰਾਹੁਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਬਿੱਲ ਲੈ ਕੇ ਆਈ। ਪੰਜਾਬ ਦੇ ਕਿਸਾਨ ਸੜਕਾਂ 'ਤੇ ਉਤਰ ਆਏ। ਇਕ ਸਾਲ ਤੱਕ ਉਹ ਠੰਡ 'ਚ ਕੋਰੋਨਾ ਦੇ ਸਮੇਂ ਖੜ੍ਹੇ ਰਹੇ। ਇਸ ਦਾ ਕਾਰਨ ਇਹ ਹੈ ਕਿ ਨਰਿੰਦਰ ਮੋਦੀ ਕਿਸਾਨਾਂ ਦੀ ਮਿਹਨਤ 2-3 ਅਰਬਪਤੀਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਕਾਂਗਰਸ ਕਿਸਾਨਾਂ ਖੜ੍ਹੀ ਰਹੀ। ਇਕ ਸਾਲ ਬਾਅਦ ਪੀ.ਐੱਮ. ਨੇ ਕਿਹਾ ਕਿ ਗਲਤੀ ਹੋ ਗਈ। ਇਕ ਸਾਲ ਉਨ੍ਹਾਂ ਨੇ ਹਿੰਦੁਸਤਾਨ ਦੇ ਕਿਸਾਨਾਂ ਨਾਲ ਗੱਲ ਨਹੀਂ ਕੀਤੀ। 700 ਕਿਸਾਨ ਸ਼ਹੀਦ ਹੋ ਗਏ। ਸੰਸਦ 'ਚ ਮੈਂ ਕਿਹਾ ਕਿ 2 ਮਿੰਟ ਸ਼ਹੀਦ ਕਿਸਾਨਾਂ ਲਈ ਮੌਨ ਰੱਖੋ ਪਰ ਸਮਾਂ ਨਹੀਂ ਦਿੱਤਾ। ਗਲਤੀ ਹੋਈ ਤਾਂ ਫਿਰ 700 ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿੱਤਾ। ਸਿਰਫ਼ ਕਾਂਗਰਸ ਦੀਆਂ ਸੂਬਾ ਸਰਕਾਰਾਂ ਨੇ ਮੁਆਵਜ਼ਾ ਦਿੱਤਾ।

ਕੋਰੋਨਾ ਨੂੰ ਲੈ ਕੇ ਮੇਰਾ ਮਜ਼ਾਕ ਉਡਾਇਆ ਗਿਆ- ਰਾਹੁਲ 
ਰਾਹੁਲ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਮੇਰਾ ਮਜ਼ਾਕ ਉਡਾਉਂਦੇ ਰਹੇ ਕਿ ਰਾਹੁਲ ਕੋਰੋਨਾ ਨੂੰ ਨਹੀਂ ਸਮਝ ਪਾ ਰਿਹਾ ਹੈ। ਰਾਹੁਲ ਇਸ ਤਰ੍ਹਾਂ ਹੀ ਬੋਲ ਰਿਹਾ ਹੈ। ਮੈਂ ਵਾਰ-ਵਾਰ ਤਿਆਰੀ ਲਈ ਕਹਿੰਦਾ ਰਿਹਾ। ਸਰਕਾਰ ਨਹੀਂ ਮੰਨੀ। ਹੁਣ ਜਿੰਨੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਨੂੰ ਲੁਕਾਇਆ ਜਾ ਰਿਹਾ ਹੈ। ਜੋ ਅੰਕੜੇ ਸਰਕਾਰ ਦੇ ਰਹੀ ਹੈ, ਉਸ ਤੋਂ 7 ਗੁਣਾ ਵਧ ਮੌਤਾਂ ਹੋਈਆਂ ਹਨ। ਇਸ ਦੌਰਾਨ ਰਾਹੁਲ ਨੇ ਆਮ ਆਦਮੀ ਪਾਰਟੀ 'ਤੇ ਵੀ ਨਿਸ਼ਾਨਾ ਵਿੰਨ੍ਹਿਆ। 

ਇਹ ਵੀ ਪੜ੍ਹੋ : PM ਮੋਦੀ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ

ਕੋਰੋਨਾ ਵੇਲੇ ਫ਼ੇਲ ਹੋਈ ਆਮ ਆਦਮੀ ਪਾਰਟੀ ਸਰਕਾਰ
ਰਾਹੁਲ ਨੇ ਕਿਹਾ ਕਿ 'ਆਪ' ਵਾਲੇ ਇੱਥੇ ਮੋਹੱਲਾ ਕਲੀਨਿਕ ਦੀ ਗੱਲ ਕਰਦੇ ਹਨ। ਸਭ ਤੋਂ ਪਹਿਲਾਂ ਮੋਹੱਲਾ ਕਲੀਨਿਕ ਕਾਂਗਰਸ ਅਤੇ ਸ਼ੀਲਾ ਦੀਕਸ਼ਤ ਨੇ ਬਣਾਏ ਸਨ। 'ਆਪ' ਨੂੰ ਕਲੀਨਿਕ ਚਲਾਉਣੇ ਨਹੀਂ ਆਉਂਦੇ। ਕੋਰੋਨਾ ਸਮੇਂ ਇਹ ਕਲੀਨਿਕ ਬੇਕਾਰ ਸਾਬਿਤ ਹੋਏ। ਆਕਸੀਜਨ-ਵੈਂਟੀਲੇਟਰ ਦੀ ਘਾਟ ਹੋਈ। ਹਜ਼ਾਰਾਂ ਲੋਕ ਸੜਕ 'ਤੇ ਮਰ ਗਏ। ਕੋਰੋਨਾ ਦੇ ਸਮੇਂ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਫ਼ੇਲ ਹੋ ਗਈ। ਕਾਂਗਰਸ ਦੇ ਵਰਕਰਾਂ ਨੇ ਘਰਾਂ ਤੱਕ ਸਿਲੰਡਰ ਪਹੁੰਚਾਏ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News