ਇਟਲੀ ’ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਪੰਜਾਬ ’ਚੋਂ ਗ੍ਰਿਫ਼ਤਾਰ
Monday, Jun 05, 2023 - 09:19 PM (IST)
ਰੋਮ/ਇਟਲੀ (ਦਲਵੀਰ ਕੈਂਥ) : ਪੰਜਾਬ ’ਚ ਪਿਛਲੇ ਤਕਰੀਬਨ ਇਕ ਦਹਾਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ ਅਤੇ ਬੀਤੇ ਦਿਨੀਂ ਇਟਲੀ ਨਾਲ ਸਬੰਧਤ ਇਕ ਵਿਅਕਤੀ ਵੱਲੋਂ ਇਕ ਵੀਡੀਓ ਜਾਰੀ ਕਰ ਸੋਸ਼ਲ ਮੀਡੀਆ ਰਾਹੀਂ ਸ੍ਰੀ ਗੁਟਕਾ ਸਾਹਿਬ ਜੀ ਦੇ ਅੰਗਾਂ ਨੂੰ ਪਾੜ ਕੇ ਸਮੁੱਚੇ ਜਗਤ ਦੀਆਂ ਸੰਗਤਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਸੀ। ਇਸ ਘਟਨਾ ਬਾਰੇ ਇਟਲੀ ਦੀ ਇੰਡੀਅਨ ਸਿੱਖ ਕਮਿਊਨਿਟੀ ਵੱਲੋਂ ਬਹੁਤ ਹੀ ਜੰਗੀ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਸੀ ਕਿ ਦੋਸ਼ੀ ਤੱਕ ਕਿਵੇਂ ਪਹੁੰਚਾਇਆ ਜਾਵੇ।
ਨਾਨਕ ਨਾਮਲੇਵਾ ਸੰਗਤਾਂ ਦੀਆਂ ਗੁਰੂ ਚਰਨਾਂ ’ਚ ਕੀਤੀਆਂ ਅਰਦਾਸਾਂ ਅਤੇ ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੀ ਮਿਹਨਤ ਉਸ ਸਮੇਂ ਰੰਗ ਲਿਆਈ, ਜਦੋਂ ਇਸ ਦੋਸ਼ੀ ਦੀ ਪੰਜਾਬ ’ਚ ਗ੍ਰਿਫ਼ਤਾਰੀ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਦੱਸਿਆ ਕਿ ਪੰਜਾਬ ਦੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਪੁਲਸ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਹਰਮਿੰਦਰ ਸਿੰਘ ਵਾਸੀ ਬਦੂਸ਼ੀ ਕਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਸਬੰਧੀ ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਅਸੀਂ ਇਟਲੀ ਸਥਿਤ ਭਾਰਤੀ ਦੂਤਾਵਾਸ ਅਤੇ ਇਟਲੀ ਦੀ ਪੁਲਸ ਦੇ ਸਪੰਰਕ ਵਿਚ ਸਨ ਅਤੇ ਉਨ੍ਹਾਂ ਵੱਲੋਂ ਇਸ ਦੋਸ਼ੀ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਗਈ ਅਤੇ ਆਖਿਰਕਾਰ ਵਾਹਿਗੁਰੂ ਦੀ ਮੇਹਰ ਸਦਕਾ ਇਸ ਦੋਸ਼ੀ ਤੱਕ ਪਹੁੰਚ ਹੀ ਗਏ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਿੱਥੇ ਕੀਤੀ, ਇਹ ਹਾਲੇ ਜਾਂਚ ਅਧੀਨ ਹੈ ਅਤੇ ਪੰਜਾਬ ਪੁਲਸ ਇਸ ਬਾਰੇ ਦੋਸ਼ੀ ਤੋਂ ਜਾਣਕਾਰੀ ਹਾਸਲ ਕਰਕੇ ਜ਼ਰੂਰ ਨਸ਼ਰ ਕਰੇਗੀ ਕਿ ਆਖ਼ਰਕਾਰ ਦੋਸ਼ੀ ਨੇ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ।