ਭਗੌਡ਼ਾ ਚੂਰਾ-ਪੋਸਤ ਸਮੱਗਲਰ ਗ੍ਰਿਫਤਾਰ
Thursday, Aug 30, 2018 - 11:50 PM (IST)

ਮੋਗਾ, (ਅਾਜ਼ਾਦ)-ਭਗੌਡ਼ੇ ਦੋਸ਼ੀਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਐਂਟੀ ਨਾਰਕੋਟਿਕ ਡਰੱਗ ਸੈੱਲ ਨੇ ਚੂਰਾ-ਪੋਸਤ ਸਮੱਗਲਿੰਗ ਦੇ ਦੋ ਮਾਮਲਿਆਂ ਵਿਚ ਭਗੌਡ਼ੇ ਦੋਸ਼ੀ ਨੂੰ ਜਾ ਦਬੋਚਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੁਰਮੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਪਿੰਡ ਮੱਲਕੇ ਦੇ ਖਿਲਾਫ ਸਮਾਲਸਰ ਪੁਲਸ ਵਲੋਂ 60 ਕਿਲੋ ਚੂਰਾ-ਪੋਸਤ ਬਰਾਮਦ ਹੋਣ ’ਤੇ 4 ਸਤੰਬਰ 2013 ਨੂੰ ਮਾਮਲਾ ਦਰਜ ਕੀਤਾ ਸੀ। ਇਸ ਤਰ੍ਹਾਂ 10 ਕਿਲੋ ਚੂਰਾ ਪੋਸਤ ਬਰਾਮਦ ਹੋਣ ’ਤੇ 7 ਜੁਲਾਈ 2014 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਦੋਨੋਂ ਮਾਮਲਿਆਂ ਵਿਚ ਮਾਣਯੋਗ ਅਦਾਲਤ ਵਲੋਂ ਉਸ ਨੂੰ ਭਗੌਡ਼ਾ ਐਲਾਨਿਆ ਗਿਆ ਸੀ ਪਰ ਉਹ ਪੁਲਸ ਦੇ ਕਾਬੂ ਨਹੀਂ ਆ ਰਿਹਾ ਸੀ ਅਤੇ ਨਾ ਹੀ ਮਾਣਯੋਗ ਅਦਾਲਤ ਵਿਚ ਪੇਸ਼ ਹੋ ਰਿਹਾ ਸੀ। ਹੌਲਦਾਰ ਬਲਦੇਵ ਸਿੰਘ, ਹੌਲਦਾਰ ਪਰਮਜੀਤ ਸਿੰਘ ਨੇ ਗੁਪਤ ਸੂਚਨਾ ਦੇ ਅਾਧਾਰ ’ਤੇ ਉਸ ਨੂੰ ਜਾ ਦਬੋਚਿਆ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿਸ ਨੂੰ ਅਦਾਲਤ ਨੇ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ।