ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 2 ਗ੍ਰਿਫਤਾਰ

Saturday, Aug 25, 2018 - 06:09 AM (IST)

ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 2 ਗ੍ਰਿਫਤਾਰ

ਪਟਿਆਲਾ, (ਬਲਜਿੰਦਰ)-ਛੋਟੀਆਂ ਬੱਚੀਆਂ ਨੂੰ ਦੇਹ ਵਪਾਰ ਦੇ ਨਰਕ ਵਿਚ ਧੱਕਣ ਵਾਲੇ ਗਿਰੋਹ ਦਾ ਬਾਲ ਸੁਰੱਖਿਆ ਯੂਨਿਟ ਪਟਿਆਲਾ ਵੱਲੋਂ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ  ਹਰਪ੍ਰੀਤ ਕੌਰ ਸੰਧੂ ਦੀ ਅਗਵਾਈ ਹੇਠ ਪਰਦਾਫਾਸ਼ ਕੀਤਾ ਗਿਆ ਹੈ। ਇਸ ਮਾਮਲੇ ਵਿਚ ਥਾਣਾ ਸਿਵਲ ਲਾਈਨ ਵਿਚ ਕੇਸ ਦਰਜ ਕਰ ਕੇ ਮਾਮਲੇ ਵਿਚ ਇਕ ਮਹਿਲਾ ਅਤੇ ਬੱਚੀ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗਿਰੋਹ ਪਟਿਆਲਾ ਵਿਚੋਂ ਛੋਟੀਆਂ ਬੱਚੀਆਂ ਨੂੰ ਮਨਾਲੀ (ਹਿਮਾਚਲ ਪ੍ਰਦੇਸ਼) ਵਿਚ ਲਿਜਾ ਕੇ ਦੇਹ ਵਪਾਰ ਦਾ ਧੰਦਾ ਕਰਵਾਉਂਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਚਾਈਲਡ ਲਾਈਨ ਤੋਂ ਮਿਲੇ ਕੇਸ ਉੱਪਰ ਕਾਰਵਾਈ ਕਰਦਿਆਂ  ਸੈਕਸ ਸ਼ੋਸ਼ਣ ਦਾ ਸ਼ਿਕਾਰ ਬੱਚੀ  ਨੂੰ ਬਾਲ ਭਲਾਈ ਕਮੇਟੀ ਪਟਿਆਲਾ ਅੱਗੇ ਪੇਸ਼ ਕੀਤਾ ਗਿਆ। ਉਥੇ ਬੱਚੀ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਦੇ 5 ਬੱਚਿਆਂ ਵਿਚੋਂ ਸਭ ਤੋਂ ਵੱਡੀ  ਹੈ। ਉਨ੍ਹਾਂ ਦਾ ਪਰਿਵਾਰ ਬਹੁਤ ਗਰੀਬ ਹੈ। ਮਾਤਾ ਬਹੁਤ ਬੀਮਾਰ ਰਹਿੰਦੀ ਹੈ, ਜਿਸ ਕਾਰਨ ਉਸ ਨੂੰ ਬਾਕੀ ਭੈਣ-ਭਰਾਵਾਂ ਨਾਲ ਵਾਪਸ ਯੂ. ਪੀ. ਭੇਜ ਦਿੱਤਾ ਹੈ। ਉਹ ਆਪਣੇ ਪਿਤਾ ਨਾਲ ਇਥੇ ਪਟਿਆਲੇ ਵਿਚ ਹੀ ਰਹਿ ਗਈ ਕਿਉਂਕਿ ਉਹ ਕੋਠੀਆਂ ਆਦਿ ਵਿਚ ਕੰਮ ਕਰਦੀ ਸੀ, ਜਿੱਥੇ ਉਹ ਆਪਣੇ ਪਰਿਵਾਰ ਦੀ ਆਰਥਕ ਰੂਪ ’ਚ ਮਦਦ ਕਰਦੀ ਸੀ। ਇਸੇ ਦੌਰਾਨ ਲਵਪ੍ਰੀਤ ਅਤੇ ਨੰਦਨੀ ਵਾਸੀ ਪਟਿਆਲਾ ਨੇ ਬੱਚੀ ਦੇ ਪਿਤਾ ਨੂੰ ਬੱਚੀ ਉਨ੍ਹਾਂ ਕੋਲ ਕੰਮ ਕਰਨ ਲਈ ਛੱਡਣ ਬਦਲੇ ਮਹੀਨੇ ਦੇ ਕਰੀਬ 30 ਹਜ਼ਾਰ ਰੁਪਏ (5000 ਹਜ਼ਾਰ ਹਰ ਹਫਤੇ) ਦੇਣ ਦਾ ਲਾਲਚ ਦਿੱਤਾ।  ਉਸ  ਨੇ ਲਾਲਚ ਵਿਚ ਆ ਕੇ ਆਪਣੀ ਹੀ ਬੱਚੀ ਨੂੰ ਉਕਤ ਅੌਰਤ ਨੰਦਨੀ ਨਾਲ ਕੰਮ ’ਤੇ ਰਖਵਾ ਦਿੱਤਾ। ਉਸ  ਨੇ ਦੱਸਿਆ ਕਿ ਨੰਦਨੀ  ਉਸ ਨੂੰ ਮਨਾਲੀ ਲਿਜਾ ਕੇ ਜ਼ਬਰਦਸਤੀ ਵਾਰ-ਵਾਰ ਜਿਸਮ-ਫਰੋਸ਼ੀ ਦਾ ਧੰਦਾ ਕਰਵਾਉਂਦੀ ਸੀ। ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਸਾਰੀ ਜਾਣਕਾਰੀ ਸਾਹਮਣੇ ਆਉਂਦੇ ਹੀ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਪਹਿਲਾਂ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ। ਜਾਂਚ ਤੋਂ ਬਾਅਦ ਸਿਵਲ ਥਾਣਾ ਪਟਿਆਲਾ ਵਿਚ ਇਸ ਮਾਮਲੇ ਵਿਚ ਲਵਪ੍ਰੀਤ, ਨੰਦਨੀ ਅਤੇ ਲਡ਼ਕੀ ਦੇ ਪਿਤਾ ਖਿਲਾਫ 372, 373, 376 ਅਤੇ ਪੋਸਕੋ ਐਕਟ 2012 ਦੀ ਧਾਰਾ 6 ਤੇ 17 ਤਹਿਤ ਕੇਸ ਦਰਜ ਕਰ ਕੇ ਪੁਲਸ ਨੇ ਨੰਦਨੀ ਅਤੇ ਲਡ਼ਕੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ।  ਅਜੇ ਤੱਕ ਲਵਪ੍ਰੀਤ ਦਾ ਕੁਝ ਅਤਾ-ਪਤਾ ਨਹੀਂ ਲੱਗ ਰਿਹਾ। ਜ਼ਿਲਾ ਬਾਲ ਸੁਰੱਖਿਆ ਅਫਸਰ ਹਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਲਵਪ੍ਰੀਤ ਹੀ ਛੋਟੀਆਂ ਬੱਚੀਆਂ ਨੂੰ ਜਿਸਮ-ਫਰੋਸ਼ੀ ਲਈ ਪਟਿਆਲਾ ਤੋਂ ਮਨਾਲੀ ਲੈ ਕੇ ਜਾਂਦੀ ਸੀ। ਬਾਲ ਭਲਾਈ ਕਮੇਟੀ  ਪਟਿਆਲਾ ਵੱਲੋਂ ਬੱਚੀ ਦੀ ਸੁਰੱਖਿਆ ਤੇ ਸਾਂਭ-ਸਭਾਲ ਨੂੰ ਦੇਖਦੇ ਹੋਏ ਬੱਚੀ ਨੂੰ ਚਿਲਡਰਨ ਹੋਮ ਵਿਚ ਭੇਜ ਦਿੱਤਾ ਹੈ।  ਇਸ ਮਾਮਲੇ ਨੂੰ ਹੱਲ ਕਰਨ ਵਿਚ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਤੋਂ ਇਲਾਵਾ ਬਾਲ ਭਲਾਈ ਕਮੇਟੀ ਦੇ ਚੇਅਰਮੈਨ  ਬਲਦੇਵ ਸਿੰਘ, ਮੈਂਬਰ ਸ਼੍ਰੀਮਤੀ ਬਲਵਿੰਦਰ ਕੌਰ, ਬਾਲ ਸੁਰੱਖਿਆ ਅਫ਼ਸਰ ਰੂਪਬੰਤ ਕੌਰ, ਆਊਟਰੀਚ ਵਰਕਰ ਜਸਵਿੰਦਰ ਕੌਰ, ਬਾਲ ਸੁਰੱਖਿਆ ਕਮੇਟੀ ਦੀ ਡਾਟਾ ਐਂਟਰੀ ਉਪਰੇਟਰ ਪਰਮਜੀਤ ਕੌਰ ਅਤੇ ਏ. ਐੈੱਸ. ਆਈ. ਗੁਰਚੈਨ ਸਿੰਘ ਨੇ ਅਹਿਮ ਭੂਮਿਕਾ ਨਿਭਾਈ। 
ਦੋਵਾਂ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
 ਇਸ ਮਾਮਲੇ ਵਿਚ ਗ੍ਰਿਫਤਾਰ ਨੰਦਨੀ ਅਤੇ ਲਡ਼ਕੀ ਦੇ ਪਿਤਾ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੋਵਾਂ ਨੂੰ 2 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਸਿਵਲ ਲਾਈਨ ਦੇ ਐੈੱਸ. ਐੈੱਚ. ਓ. ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਇਸ ਮਾਮਲੇ ਦੀ ਗੁੱਥੀ ਨੂੰ ਹੋਰ ਸੁਲਝਾਇਆ ਜਾਵੇਗਾ, ਉਥੇ ਲਵਪ੍ਰੀਤ ਬਾਰੇ ਵੀ ਪਤਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ  ਗਿਰੋਹ ਵੱਲੋਂ ਹੋਰ ਬੱਚੀਆਂ ਨੂੰ ਤਾਂ ਨਹੀਂ ਇਸ ਧੰਦੇ ਵਿਚ ਧੱਕਿਆ ਗਿਆ, ਇਸ ਦੀ ਜਾਂਚ ਵੀ ਕੀਤੀ ਜਾਵੇਗੀ।
 


Related News