ਜਾਅਲੀ ਲਾਇਸੈਂਸ ’ਤੇ ਹਵਾਈ ਟਿਕਟਾਂ ਵੇਚਣ ਵਾਲਾ ਟਰੈਵਲ ਏਜੰਟ ਕਾਬੂ
Saturday, Aug 25, 2018 - 05:52 AM (IST)

ਦੋਰਾਹਾ, (ਗੁਰਮੀਤ ਕੌਰ)-ਪੁਲਸ ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹੀਆ ਵੱਲੋਂ ਫਰੌਡ ਟਰੈਵਲ ਏਜੰਟਾਂ ਅਤੇ ਟਰੈਵਲ ਏਜੰਸੀਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਥਾਣਾ ਦੋਰਾਹਾ ਦੇ ਏ. ਐੱਸ. ਆਈ. ਮਹਿੰਦਰਪਾਲ ਸਿੰਘ ਨੇ ਦੋਰਾਹਾ ਵਿਖੇ ਜਾਅਲੀ ਲਾਇਸੈਂਸ ’ਤੇ ਹਵਾਈ ਅਤੇ ਰੇਲਵੇ ਟਿਕਟਾਂ ਵੇਚਣ ਦੇ ਦੋਸ਼ ਹੇਠ ਇਕ ਟਰੈਵਲ ਏਜੰਟ ਨੂੰ ਕਾਬੂ ਕੀਤਾ ਹੈ ਅਤ ੇ ਬਾਅਦ ’ਚ ਜਿਸ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਜਟਾਣਾ ਤਹਿਸੀਲ ਪਾਇਲ ਜ਼ਿਲਾ ਲੁਧਿਆਣਾ ਵਜੋਂ ਹੋਈ ਹੈ। ਸਹਾਇਕ ਥਾਣੇਦਾਰ ਮਹਿੰਦਰਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਖਾਸ ਮੁਖਬਰ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਮੁਲਜ਼ਮ ਨਗਰ ਕੌਂਸਲ ਦੋਰਾਹਾ ਦੇ ਦਫਤਰ ਨੇਡ਼ੇ ਇਕ ਟਰੈਵਲ ਏਜੰਸੀ ਚਲਾ ਰਿਹਾ ਹੈ ਅਤੇ ਹਵਾਈ ਅਤੇ ਰੇਲਵੇ ਟਿਕਟਾਂ ਜਾਅਲੀ ਲਾਇਸੈਂਸ ’ਤੇ ਵੇਚ ਰਿਹਾ ਹੈ, ਜਿਸ ਨੇ ਕਿਸੇ ਸੀ. ਏ. ਤੋਂ ਜਾਅਲੀ ਲਾਇਸੈਂਸ ਬਣਵਾਇਆ ਹੋਇਆ ਹੈ, ਜੋ ਕਿ ਸਰਕਾਰ ਨੂੰ ਚੂਨਾ ਲਾ ਰਿਹਾ ਹੈ.। ਇਸ ’ਤੇ ਪੁਲਸ ਨੇ ਚੈਕਿੰਗ ਦੌਰਾਨ ਕਥਿਤ ਮੁਲਜ਼ਮ ਦਾ ਲਾਇਸੈਂਸ ਚੈੱਕ ਕੀਤਾ ਤਾਂ ਲਾਇਸੈਂਸ ਜਾਅਲੀ ਪਾਇਆ ਗਿਆ। ਪੁਲਸ ਨੇ ਆਈ. ਪੀ. ਸੀ. ਦੀ ਧਾਰਾ 420 ਅਧੀਨ ਮਾਮਲਾ ਦਰਜ ਕਰ ਕੇ ਅੱਗੇ ਕਾਰਵਾਈ ਆਰੰਭ ਕਰ ਦਿੱਤੀ ਹੈ।