9 ਕੈਨੀਆਂ ਤੇ 248 ਪੇਟੀਆਂ ਸ਼ਰਾਬ, 20 ਗ੍ਰਾਮ ਹੈਰੋਇਨ,1800 ਕੈਪਸੂਲਾਂ ਸਣੇ 9 ਕਾਬੂ
Saturday, Jul 07, 2018 - 04:21 AM (IST)

ਖੰਨਾ(ਸੁਖਵਿੰਦਰ ਕੌਰ)-ਖੰਨਾ ਜ਼ਿਲਾ ਪੁਲਸ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਵੱਡੀ ਖੇਪ ਸ਼ਰਾਬ, 20 ਗ੍ਰਾਮ ਹੈਰੋਇਨ ਅਤੇ 1800 ਨਸ਼ੇ ਵਾਲੇ ਕੈਪਸੂਲਾਂ ਸਮੇਤ 9 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਅੱਜ ਦੇਰ ਸ਼ਾਮ ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਖੰਨਾ ਸਬ-ਡਵੀਜ਼ਨ ਦੇ ਡੀ. ਐੱਸ. ਪੀ. ਜਗਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. (ਆਈ) ਰਣਜੀਤ ਸਿੰੰਘ ਬਦੇਸ਼ਾਂ ਦੀ ਨਿਗਰਾਨੀ ਹੇਠ ਥਾਣਾ ਸਦਰ ਖੰਨਾ ਦੇ ਐੱਸ. ਐੱਚ. ਓ. ਇੰਸ. ਵਿਨੋਦ ਕੁਮਾਰ ਤੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਪਿੰਡ ਅਲੌਡ਼ ਜੀ. ਟੀ. ਰੋਡ ਦੇ ਨਜ਼ਦੀਕ ਪ੍ਰਿਸਟਾਈਨ ਨੇਡ਼ੇ ਨਾਕਾਬੰਦੀ ਕਰਕੇ-ਸ਼ੱਕੀ ਵਹੀਕਲਾਂ ਅਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਮੰਡੀ ਗੋਬਿੰਦਗਡ਼੍ਹ ਸਾਈਡ ਵੱਲੋਂ ਇਕ ਕਾਰ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਕਾਰ ਨਾਕੇ ਤੋਂ ਭਜਾ ਲਈ, ਜਿਸਦਾ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਗਿਆ। ਕਾਰ ’ਚ ਸਵਾਰ ਤਿੰਨ ਵਿਅਕਤੀ ਸਰਬਜੀਤ ਸਿੰਘ ਵਾਸੀ ਮਾਨਾਂਵਾਲਾ (ਸ੍ਰੀ ਅੰਮ੍ਰਿਤਸਰ), ਜਤਿੰਦਰ ਸਿੰਘ ਅਤੇ ਕੰਵਲਜੀਤ ਸਿੰਘ ਵਾਸੀਆਨ ਫੱਤੂਵਾਲ ਕਾਲੋਨੀ ਥਾਣਾ ਖਿਲਚੀਆਂ (ਅੰਮ੍ਰਿਤਸਰ) ਦੀ ਤਲਾਸ਼ੀ ਕਰਨ ’ਤੇ ਕਾਰ ਦੀ ਪਿਛਲੀ ਡਿੱਗੀ ਵਿਚੋਂ 7 ਕੇਨੀਆਂ ਤੇ ਪਿਛਲੀ ਸੀਟ ਦੇ ਪੈਰਾਂ ਵਾਲੀ ਥਾਂ ਤੋਂ 2 ਕੈਨੀਆਂ (ਕੁੱਲ 9 ਕੈਨੀਆਂ) ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਖੰਨਾ ਦੇ ਸਹਾਇਕ ਥਾਣੇਦਾਰ ਜਤਿੰਦਰ ਸਿੰਘ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਜਦੋਂ ਟੀ-ਪੁਆਇੰਟ ਬਾਹੋਮਾਜਰਾ ਮੌਜੂਦ ਸੀ ਤਾਂ ਲਿੰਕ ਰੋਡ ਪਿੰਡ ਬਾਹੋਮਾਜਰਾ ਵੱਲੋਂ ਆ ਰਹੇ ਇਕ ਵਿਅਕਤੀ ਕਮਲਜੀਤ ਸ਼ਰਮਾ ਉਰਫ ਮਿੰਟੂ ਵਾਸੀ ਭੋਡੀਪੁਰਾ (ਬਠਿੰਡਾ) ਦੀ ਤਲਾਸ਼ੀ ਕਰਨ ’ਤੇ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਸੇ ਤਰ੍ਹਾਂ ਹੀ ਥਾਣਾ ਸਦਰ ਖੰਨਾ ਦੇ ਹੌਲਦਾਰ ਮੇਜਰ ਸਿੰਘ ਪੁਲਸ ਪਾਰਟੀ ਸਣੇ ਨਾਕਾਬੰਦੀ ਸਬੰਧੀ ਟੀ-ਪੁਆਇੰਟ ਬੁੱਲੇਪੁਰ ਸਰਵਿਸ ਰੋਡ ਨੇਡ਼ੇ ਰੋਕਵਿਊ ਹੋਟਲ ਖੰਨਾ ਮੌਜੂਦ ਸੀ ਤਾਂ ਮੁਖਬਰੀ ’ਤੇ ਹਰਪਾਲ ਸਿੰਘ ਉਰਫ ਪਾਲੀ ਵਾਸੀ ਹਠੂਰ ਪੱਤੀ (ਜਗਰਾਓਂ) ਜੋ ਬੋਲੈਰੋ ਮੈਕਸੀ ਵਿੱਚ ਚੰਡੀਗਡ਼੍ਹ ਦੀ ਸ਼ਰਾਬ ਲੋਡ ਕਰਕੇ ਮੰਡੀ ਗੋਬਿੰਦਗਡ਼੍ਹ ਵਾਲੇ ਪਾਸੇ ਤੋਂ ਖੰਨਾ ਸਾਈਡ ਨੂੰ ਸਰਵਿਸ ਰੋਡ ’ਤੇ ਆ ਰਿਹਾ ਹੈ। ਜਿਸਦੇ ਨਾਲ ਵੱਖਰੀ ਗੱਡੀ ਆਈ-20 ਵਿੱਚ ਵੱਖਰੇ ਤੌਰ ’ਤੇ ਬੂਟਾ ਸਿੰਘ ਅਤੇ ਜੋਗਿੰਦਰ ਸਿੰਘ ਵਾਸੀਆਨ ਸੱਦੋਵਾਲ (ਬਰਨਾਲਾ) ਅੱਗੇ-ਅੱਗੇ ਰੇਕੀ ਕਰਦੇ ਆ ਰਹੇ ਹਨ। ਜਿਨ੍ਹਾਂ ਨੂੰ ਉਨ੍ਹਾਂ ਕੋਲੋਂ ਕੁੱਲ 248 ਪੇਟੀਆਂ ਸ਼ਰਾਬ ਬਰਾਮਦ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਮਾਹਲ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਖੰਨਾ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ ਗਸ਼ਤ ਦੌਰਾਨ ਸਮਰਾਲਾ ਚੌਕ ਜੀ. ਟੀ. ਰੋਡ ਖੰਨਾ ਵਿਖੇ ਖਡ਼੍ਹੇ ਸ਼ੱਕੀ ਵਿਅਕਤੀਆਂ ਪਰਵਿੰਦਰ ਸਿੰਘ ਉਰਫ ਫੱਗਾ ਅਤੇ ਹਰਪਾਲ ਸਿੰਘ ਉਰਫ ਰਾਜੀ ਵਾਸੀਆਨ ਪਿੰਡ ਭਬਿਆਣਾ (ਕਪੂਰਥਲਾ) ਦੀ ਤਲਾਸ਼ੀ ਕਰਨ ’ਤੇ ਪਰਵਿੰਦਰ ਸਿੰਘ ਕੋਲੋਂ 500 ਅਤੇ ਹਰਪਾਲ ਸਿੰਘ ਤੋਂ 1300 ਕੈਪਸੂਲ ਬਰਾਮਦ ਹੋਏ। ਉਕਤ ਸਾਰੇ ਮਾਮਲਿਆਂ ਵਿਚ ਖੰਨਾ ਦੇ ਸਬੰਧਿਤ ਥਾਣਿਆਂ ਦੀ ਪੁਲਸ ਵੱਲੋਂ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਖਿਲਾਫ਼ ਅਗਲੇਰੀ ਕਾਰਵਾਈ ਅਾਰੰਭ ਦਿੱਤੀ ਹੈ।