ਸਟੱਡੀ ਵੀਜ਼ੇ ''ਤੇ ਕੈਨੇਡਾ ਗਿਆ ਵਿਦਿਆਰਥੀ ਕਾਰ ਚੋਰੀ ਕਰਦਾ ਫੜਿਆ
Saturday, Apr 28, 2018 - 03:01 AM (IST)

ਬਠਿੰਡਾ(ਵਰਮਾ)-ਸਟੱਡੀ ਵੀਜ਼ੇ 'ਤੇ ਕੈਨੇਡਾ ਪਹੁੰਚਿਆ ਬਠਿੰਡੇ ਦਾ ਨੌਜਵਾਨ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਹਸਪਤਾਲ 'ਚੋਂ ਕਾਰ ਚੋਰੀ ਕਰਦਾ ਰੰਗੇ ਹੱਥੀਂ ਫੜਿਆ ਗਿਆ। ਕਾਰ ਮਾਲਕ ਨੇ ਇਸ ਦੀ ਜਾਣਕਾਰੀ ਕੈਨੇਡਾ ਪੁਲਸ ਨੂੰ ਦਿੱਤੀ ਜੋ ਕੁਝ ਹੀ ਮਿੰਟਾਂ 'ਚ ਪਹੁੰਚ ਗਈ ਅਤੇ ਗੁਰਤਾਸ਼ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਪੁੱਛਗਿੱਛ ਜਾਰੀ ਹੈ। ਜਾਣਕਾਰੀ ਅਨੁਸਾਰ ਗੁਰਤਾਸ਼ ਸਿੰਘ ਕੁਝ ਸਮਾਂ ਪਹਿਲਾਂ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ 'ਚ ਪੜ੍ਹਾਈ ਕਰਨ ਪਹੁੰਚਿਆ। ਆਪਣਾ ਖਰਚ ਚਲਾਉਣ ਲਈ ਉਸ ਨੇ ਪਾਰਟ ਟਾਈਮ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੰਮ ਵਿਚ ਲਾਪ੍ਰਵਾਹੀ ਵਰਤਣ ਦੇ ਦੋਸ਼ 'ਚ ਮਾਲਕ ਨੇ ਉਸ ਦੀ ਛੁੱਟੀ ਕਰ ਦਿੱਤੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗਾ। ਉਥੇ ਰਹਿ ਰਹੇ ਇਕ ਹੋਰ ਪੰਜਾਬੀ ਵਿਦਿਆਰਥੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੈਨੇਡਾ ਵਾਸੀ ਆਪਣੀ ਕਾਰ 'ਚ ਬੀਮਾਰ ਬੱਚਿਆਂ ਦਾ ਇਲਾਜ ਕਰਵਾਉਣ ਲਈ ਹਸਪਤਾਲ ਆਇਆ। ਨੌਜਵਾਨ ਅਨੁਸਾਰ ਕਾਰ ਮਾਲਕ ਜਦੋਂ ਦਵਾਈ ਲੈ ਕੇ ਵਾਪਸ ਆਇਆ ਤਾਂ ਦੇਖਿਆ ਕਿ ਪਾਰਕਿੰਗ ਵਿਚ ਖੜ੍ਹੀ ਕਾਰ ਨੂੰ ਇਕ ਨੌਜਵਾਨ ਚੋਰੀ ਕਰ ਰਿਹਾ ਸੀ। ਉਹ ਨਕਲੀ ਚਾਬੀ ਨਾਲ ਕਾਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਕਾਰ ਮਾਲਕ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚ ਕੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪੁਲਸ ਨੇ ਸੂਚਿਤ ਕਰ ਦਿੱਤਾ।