ਪੁਲਸ ਨੇ ਚੋਰੀ ਦੇ ਸਾਮਾਨ ਸਣੇ 2 ਨੂੰ ਕੀਤਾ ਕਾਬੂ
Sunday, Apr 08, 2018 - 07:18 AM (IST)
ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਬਰਨਾਲਾ ਪੁਲਸ ਨੇ ਮੋਬਾਇਲਾਂ ਦੀ ਦੁਕਾਨ ਵਿਚ ਚੋਰੀ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਥਾਣਾ ਸਿਟੀ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਸਮਸ਼ੇਰ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਨੇੜੇ ਭੂਰੀ ਵਾਲੇ ਸੰਤਾਂ ਦੀ ਕੁਟੀਆ ਸੰਘੇੜਾ ਰੋਡ ਬਰਨਾਲਾ ਦੀ ਜੋਸ਼ੀਲਾ ਚੌਕ ਬਰਨਾਲਾ ਵਿਚ ਮੋਬਾਇਲਾਂ ਦੀ ਦੁਕਾਨ ਹੈ। 6 ਅਪ੍ਰੈਲ ਨੂੰ ਉਹ ਰਾਤ ਕਰੀਬ 8 ਵਜੇ ਆਪਣੀ ਦੁਕਾਨ ਨੂੰ ਜਿੰਦਰਾ ਲਾ ਕੇ ਗਿਆ ਸੀ। ਜਦੋਂ 7 ਅਪ੍ਰੈਲ ਨੂੰ ਕਰੀਬ ਸਵੇਰੇ 4.30 ਵਜੇ ਕਾਲਾ ਮਹਿਰ ਸਟੇਡੀਅਮ ਬਰਨਾਲਾ ਦੇ ਕੋਲ ਸੈਰ ਕਰਨ ਲਈ ਜਾ ਰਿਹਾ ਸੀ ਤਾਂ ਉਸਨੇ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਦੇਖਿਆ। ਦੁਕਾਨ ਦੇ ਪਿਛਲੇ ਪਾਸੇ ਜਾ ਕੇ ਦੇਖਿਆ ਤਾਂ ਦੁਕਾਨ ਦੀ ਪਿਛਲੀ ਕੰਧ 'ਚ ਪਾੜ ਲਾਇਆ ਹੋਇਆ ਸੀ। ਪੁਲਸ ਨੇ ਜਾਂਚ ਕਰਨ ਉਪਰੰਤ ਇੰਦਰਜੀਤ ਸਿੰਘ ਪੁੱਤਰ ਨਰਦੇਵ ਸਿੰਘ ਅਤੇ ਬਚਿੱਤਰ ਸਿੰਘ ਉਰਫ ਰਵੀ ਪੁੱਤਰ ਮਿੰਟੂ ਸਿੰਘ ਵਾਸੀ ਠੀਕਰੀਵਾਲਾ ਨੂੰ ਚੋਰੀ ਦੇ ਸਾਮਾਨ ਸਣੇ ਕਾਬੂ ਕੀਤਾ।
