ਓਕੂ ਨੇ ਅਮਰਜੀਤ ਸਮੇਤ ਤਿੰਨ ਮੁਲਜ਼ਮਾਂ ਨੂੰ ਰਿਮਾਂਡ ''ਤੇ ਲਿਆ

Wednesday, Apr 04, 2018 - 04:19 AM (IST)

ਬਠਿੰਡਾ(ਵਰਮਾ)-ਅਦਾਲਤ 'ਚ ਪੇਸ਼ੀ ਦੌਰਾਨ 12 ਬੋਰ ਦੇ ਨਾਜਾਇਜ਼ ਪਿਸਤੌਲ ਨਾਲ ਫੜੇ ਗਏ ਖਤਰਨਾਕ ਅੱਤਵਾਦੀ ਤੇ ਮਨੁੱਖੀ ਬੰਬ ਬਣੇ ਅਮਰਜੀਤ ਸਮੇਤ 3 ਲੋਕਾਂ ਨੂੰ ਓਕੂ ਪੁਲਸ (ਆਰਗੇਨਾਈਜ਼ ਕ੍ਰਾਈਮ ਕੰਟ੍ਰੋਲ ਯੂਨਿਟ) ਨੇ ਪ੍ਰੋਡਕਸ਼ਨ ਵਾਰੰਟ ਲੈ ਕੇ ਪੁੱਛਗਿੱਛ ਲਈ 6 ਦਿਨ ਦੇ ਰਿਮਾਂਡ 'ਤੇ ਲਿਆ। ਅਮਰਜੀਤ 'ਤੇ ਦੋਸ਼ ਹੈ ਕਿ ਜੇਲ ਵਿਚ ਬੈਠੇ ਮਨਦੀਪ ਨੂੰ ਉਸ ਨੇ ਪਿਸਤੌਲ ਮੁਹੱਈਆ ਕਰਵਾਇਆ, ਜਦਕਿ ਮਨਦੀਪ ਕੋਲੋਂ ਪੁਲਸ ਨੇ ਪਹਿਲਾਂ ਹੀ ਪਿੰਡ ਤੁੰਗਵਾਲੀ ਵਿਚ 2 ਰਾਈਫਲਾਂ ਬਰਾਮਦ ਕੀਤੀਆਂ ਸਨ, ਜਿਸ ਮਾਮਲੇ 'ਚ ਉਹ ਜੇਲ ਵਿਚ ਬੰਦ ਹੈ। ਮਨਦੀਪ ਜੇਲ 'ਚ ਹੀ ਬੈਠ ਕੇ ਫਿਰੌਤੀ ਤੇ ਡਕੈਤੀ ਦੀਆਂ ਯੋਜਨਾਵਾਂ ਬਣਾਉਂਦਾ ਸੀ ਜੋ ਕਈ ਡਕੈਤੀਆਂ ਦਾ ਮਾਸਟਰ ਮਾਈਂਡ ਵੀ ਰਿਹਾ। ਸੀ. ਆਈ. ਏ. ਪੁਲਸ ਅਮਰਜੀਤ, ਮਨਦੀਪ ਸਿੰਘ ਤੇ ਇਕ ਹੋਰ ਸਾਥੀ ਕ੍ਰਿਸ਼ਨ ਨੂੰ ਰਿਮਾਂਡ 'ਤੇ ਲੈ ਕੇ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ ਅਮਰਜੀਤ ਅਦਾਲਤ ਵਿਚ ਗੁਰਮੀਤ ਨਾਂ ਦੇ ਇਕ ਨੌਜਵਾਨ ਨੂੰ ਪਿਸਤੌਲ ਦੇਣ ਲਈ ਅਦਾਲਤ ਵਿਚ ਗਿਆ ਸੀ, ਜਿਸ ਨੂੰ ਪੁਲਸ ਨੇ ਪਿਸਤੌਲ ਸਣੇ ਗ੍ਰਿਫਤਾਰ ਕਰ ਲਿਆ ਸੀ। ਥਾਣਾ ਸੀ. ਆਈ. ਏ. ਮੁਖੀ ਤਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਅਮਰਜੀਤ ਤੋਂ ਗੁਰਮੀਤ ਦੀ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ, ਜੋ ਉਹ ਦੱਸਣ ਨੂੰ ਤਿਆਰ ਨਹੀਂ। ਉਨ੍ਹਾਂ ਦੱਸਿਆ ਕਿ ਅਮਰਜੀਤ ਪੁਲਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਉਸ ਨੇ ਕਿਹਾ ਕਿ ਉਹ ਗੁਰਮੀਤ ਨੂੰ ਨਹੀਂ ਜਾਣਦਾ, ਉਹ ਉਸ ਨੂੰ ਅਦਾਲਤ ਵਿਚ ਮਿਲਿਆ ਸੀ, ਉਥੇ ਹੀ ਉਸ ਨੇ ਉਸ ਤੋਂ ਪਿਸਤੌਲ ਮੰਗਵਾਇਆ ਸੀ। ਓਕੂ ਟੀਮ ਨੇ ਪੁੱਛਗਿੱਛ ਦੌਰਾਨ ਮਨਦੀਪ ਦੀ ਨਿਸ਼ਾਨਦੇਹੀ 'ਤੇ ਪਿੰਡ ਤੁੰਗਵਾਲੀ 'ਚੋਂ ਦੋ ਦੇਸੀ ਕੱਟੇ ਵੀ ਬਰਾਮਦ ਹੋਏ, ਜੋ ਉਸ ਨੇ ਜ਼ਮੀਨ ਵਿਚ ਲੁਕੋ ਕੇ ਰੱਖੇ ਸਨ। ਪੁਲਸ ਅਮਰਜੀਤ ਤੋਂ ਹੋਰ ਵੀ ਕਈ ਰਾਜ਼ ਪੁੱਛਣੇ ਚਾਹੁੰਦੀ ਹੈ ਪਰ ਉਹ ਅਜੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਦੇ ਮੁੱਖ ਮੁਲਜ਼ਮ ਜਗਤਾਰ ਸਿੰਘ ਤਾਰਾ ਨਾਲ ਸੰਪਰਕ 'ਚ ਬਠਿੰਡਾ ਦਾ ਰਮਨਦੀਪ ਉਰਫ ਸੰਨੀ ਸੀ ਅਤੇ ਉਹ ਉਸ ਨੂੰ ਹਾਂਗਕਾਂਗ ਮਿਲਣ ਗਿਆ ਸੀ, ਜਿਸ ਦੀ ਭਿਣਕ ਖੁਫੀਆ ਏਜੰਸੀਆਂ ਨੂੰ ਲੱਗੀ ਸੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਅਮਰਜੀਤ ਦੇ ਵੀ ਸੰਨੀ ਨਾਲ ਸੰਪਰਕ ਸਨ, ਉਹ ਵੀ ਵਿਦੇਸ਼ 'ਚ ਮਨੁੱਖੀ ਬੰਬ ਦੀ ਟ੍ਰੇਨਿੰਗ ਲੈ ਕੇ ਆਇਆ ਸੀ, ਉਸ ਦਾ ਨਿਸ਼ਾਨਾ ਜਗਦੀਸ਼ ਟਾਈਟਲਰ ਸੀ ਪਰ ਉਹ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋਇਆ ਅਤੇ ਪਹਿਲਾਂ ਹੀ ਫੜਿਆ ਗਿਆ। ਅਮਰਜੀਤ ਨੇ ਇਸ ਤੋਂ ਬਾਅਦ ਕੁਝ ਨੌਜਵਾਨਾਂ ਨੂੰ ਹਥਿਆਰ ਸਪਲਾਈ ਕਰਨੇ ਸ਼ੁਰੂ ਕਰ ਦਿੱਤੇ ਸੀ ਅਤੇ ਉਨ੍ਹਾਂ ਹੀ ਹਥਿਆਰਾਂ ਦੇ ਜ਼ੋਰ 'ਤੇ ਡਕੈਤੀਆਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਜੇਲ 'ਚ ਬੰਦ ਮਨਦੀਪ ਤੇ ਕ੍ਰਿਸ਼ਨ ਵੀ ਅਮਰਜੀਤ ਦੇ ਸੰਪਰਕ ਵਿਚ ਸਨ। ਓਕੂ ਟੀਮ ਨੂੰ ਇਸ ਦੀ ਭਿਣਕ ਲੱਗੀ ਅਤੇ ਤਿੰਨਾਂ ਨੂੰ ਪੁੱਛਗਿੱਛ ਲਈ ਰਿਮਾਂਡ 'ਤੇ ਜੇਲ ਤੋਂ ਬਾਹਰ ਲਿਆਂਦਾ ਗਿਆ।


Related News