ਲੁਧਿਆਣਾ : ਪੁਲਸ ਤੋਂ ਬਚਣ ਦਾ ਸਮੱਗਲਰ ਨੇ ਲੱਭਿਆ ਅਜੀਬ ਤਰੀਕਾ

03/31/2018 6:11:19 AM

ਲੁਧਿਆਣਾ(ਰਿਸ਼ੀ)-ਪੁਲਸ ਨਾਕਾਬੰਦੀ ਤੇ ਚੈਕਿੰਗ ਤੋਂ ਬਚਣ ਲਈ ਇਕ ਸਮੱਗਲਰ ਨੇ ਅਨੋਖਾ ਤਰੀਕਾ ਲੱਭਿਆ ਕਿ ਉਹ ਜਦੋਂ ਵੀ ਨਸ਼ਾ ਡਲਿਵਰ ਕਰਨ ਜਾਂਦਾ ਤਾਂ ਡਰਾਈਵਰ ਸੀਟ ਦੇ ਨਾਲ ਦੀ ਸੀਟ 'ਤੇ 5 ਹਜ਼ਾਰ ਰੁਪਏ ਦੇ ਕੇ ਕਿਰਾਏ 'ਤੇ ਲਿਆ ਕੇ ਇਕ ਔਰਤ ਨੂੰ ਬਿਠਾਉਂਦਾ ਤਾਂ ਕਿ ਕਿਸੇ ਨੂੰ ਉਨ੍ਹਾਂ 'ਤੇ ਸ਼ੱਕ ਨਾ ਹੋਵੇ। ਕਾਊਂਟਰ ਇੰਟੈਲੀਜੈਂਸ ਅਤੇ ਪੁਲਸ ਸਟੇਸ਼ਨ ਸਰਾਭਾ ਨਗਰ ਦੀ ਸਾਂਝੀ ਟੀਮ ਨੇ ਵੀਰਵਾਰ ਨੂੰ ਸੂਚਨਾ ਦੇ ਆਧਾਰ 'ਤੇ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਆਪਣੀ ਸਵਿਫਟ ਕਾਰ ਵਿਚ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਸਨ। ਪੁਲਸ ਨੇ ਦੋਵਾਂ ਕੋਲੋਂ ਕਰੋੜਾਂ ਦੀ ਕੀਮਤ ਦੀ 300 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਥਾਣਾ ਸਰਾਭਾ ਨਗਰ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਸੁਮਿਤ ਸੂਦ ਨੇ ਦੱਸਿਆ ਕਿ ਫੜੇ ਗਏ ਸਮੱਗਲਰ ਦੀ ਪਛਾਣ ਬੱਦੋਵਾਲ ਦੇ ਰਹਿਣ ਵਾਲੇ ਕੁਨਾਲ ਸ਼ਰਮਾ (27) ਅਤੇ ਉਸ ਦੀ ਸਾਥਣ ਨੀਰੂ (40) ਨਿਵਾਸੀ ਹੈਬੋਵਾਲ ਵਜੋਂ ਹੋਈ ਹੈ। ਪੁਲਸ ਨੇ ਉਨ੍ਹਾਂ ਨੂੰ ਬੀ. ਆਰ. ਐੱਸ. ਨਗਰ ਵਿਖੇ ਨਹਿਰ ਕੋਲੋਂ ਸੂਚਨਾ ਦੇ ਆਧਾਰ 'ਤੇ ਰੋਕ ਕੇ ਕਾਬੂ ਕੀਤਾ ਹੈ। ਦੋਵਾਂ ਨੂੰ ਅਦਾਲਤ 'ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਬਰਾਮਦ ਹੈਰੋਇਨ ਦੋਸ਼ੀ ਅੰਬਾਲਾ ਤੋਂ ਖਰੀਦ ਕੇ ਲਿਆਇਆ ਸੀ। ਵੱਡੇ ਪੱਧਰ 'ਤੇ ਨਸ਼ਾ ਖਰੀਦਣ ਦੇ ਕੁੱਝ ਘੰਟਿਆਂ ਬਾਅਦ ਹੀ ਅੱਗੇ ਗਾਹਕ ਨੂੰ ਵੇਚ ਦਿੰਦਾ ਸੀ। ਹਰ ਵਾਰ ਨਸ਼ਾ ਖਰੀਦਣ ਜਾਣ ਤੋਂ ਪਹਿਲਾਂ ਆਪਣੀ ਕਾਰ 'ਚ ਔਰਤ ਨੂੰ ਲੈ ਕੇ ਜਾਂਦਾ ਸੀ। ਜੋ ਉਸ ਦੀ ਜਾਣ-ਪਛਾਣ ਦੀ ਹੈ, ਜਿਸ ਨੂੰ ਹਰ ਚੱਕਰ ਦੇ 5 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ। ਦੋਸ਼ੀ ਨੂੰ ਸਾਲ 2016 ਵਿਚ ਥਾਣਾ ਡਵੀਜ਼ਨ ਨੰ. 5 ਅਤੇ ਸਾਲ 2017 ਵਿਚ ਸਰਾਭਾ ਨਗਰ ਦੀ ਪੁਲਸ ਪਾਰਟੀ ਹੈਰੋਇਨ ਸਮੇਤ ਫੜ ਚੁੱਕੀ ਹੈ। ਦੋਵੇਂ ਕੇਸਾਂ 'ਚ ਕੁੱਝ ਸਮਾਂ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਹੈ। ਦੋਸ਼ੀ ਦਾ ਇਕ 3 ਸਾਲ ਦਾ ਬੇਟਾ ਹੈ ਅਤੇ ਉਹ 10ਵੀਂ ਪਾਸ ਹੈ। ਪੁਲਸ ਮੁਤਾਬਕ ਰਿਮਾਂਡ ਦੌਰਾਨ ਦੋਸ਼ੀ ਤੋਂ ਕਈ ਅਹਿਮ ਖੁਲਾਸੇ ਹੋ ਸਕਦੇ ਹਨ।


Related News