ਦਰਜਨਾਂ ਪ੍ਰਵਾਸੀਆਂ ਦੇ ਖੂਨ-ਪਸੀਨੇ ਦੀ ਕਮਾਈ ਲੁੱਟਣ ਵਾਲੇ ਗ੍ਰਿਫਤਾਰ
Thursday, Mar 15, 2018 - 06:27 AM (IST)

ਲੁਧਿਆਣਾ(ਪੰਕਜ)-ਫੋਕਲ ਪੁਆਇੰਟ ਇਲਾਕੇ 'ਚ ਪ੍ਰਵਾਸੀਆਂ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਉਨ੍ਹਾਂ ਦੀ ਖੂਨ ਪਸੀਨੇ ਦੀ ਕਮਾਈ ਲੁੱਟਣ ਦੀਆਂ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਸ਼ਾਤਰ ਦੋਸ਼ੀਆਂ ਨੂੰ ਫੋਕਲ ਪੁਆਇੰਟ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਏ.ਸੀ.ਪੀ. ਧਰਮਪਾਲ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਫੋਕਲ ਪੁਆਇੰਟ ਇਲਾਕੇ 'ਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਆਤੰਕ ਮਚਾਇਆ ਹੋਇਆ ਸੀ। ਹਥਿਆਰਬੰਦ ਲੁਟੇਰੇ ਪ੍ਰਵਾਸੀਆਂ ਨੂੰ ਉਸ ਸਮੇਂ ਆਪਣਾ ਸ਼ਿਕਾਰ ਬਣਾਉਂਦੇ ਸਨ, ਜਦ ਉਹ ਫੈਕਟਰੀਆਂ ਤੋਂ ਤਨਖਾਹ ਜਾਂ ਬੋਨਸ ਲੈ ਕੇ ਨਿਕਲਦੇ ਸਨ। ਸੋਮਵਾਰ ਨੂੰ ਵੀ ਇਸੇ ਤਰ੍ਹਾਂ ਰਾਜੀਵ ਕੁਮਾਰ ਨਾਮਕ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ 12 ਹਜ਼ਾਰ ਰੁਪਏ ਤੇ ਮੋਬਾਇਲ ਫੋਨ ਲੁੱਟਣ ਦੀ ਵਾਰਦਾਤ ਹੋਈ ਸੀ। ਜਿਸਦੇ ਬਾਅਦ ਪੁਲਸ ਨੇ ਸਖਤੀ ਕਰਦੇ ਹੋਏ ਨਾਕਾਬੰਦੀ ਦੌਰਾਨ 2 ਦੋਸ਼ੀਆਂ ਦਲੀਪ ਕੁਮਾਰ ਉਰਫ ਭਈਆ, ਜਿਸ ਨੂੰ ਸਨੈਚਿੰਗ ਕਿੰਗ ਦੇ ਰੂਪ 'ਚ ਜਾਣਿਆ ਜਾਂਦਾ ਹੈ, ਨੂੰ ਉਸਦੇ ਸਾਥੀ ਰਾਜ ਕੁਮਾਰ ਰਾਜੂ ਨਾਲ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਦੋਵਾਂ ਨੇ ਸਵੀਕਾਰ ਕੀਤਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਲਾਕੇ 'ਚ 2 ਦਰਜਨ ਦੇ ਲਗਭਗ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਦੋਸ਼ੀਆਂ ਦੇ ਕਬਜ਼ੇ ਤੋਂ ਪੁਲਸ ਨੇ 12 ਮੋਬਾਇਲ ਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ।
ਇਕ ਖਰਾਦੀਆ ਤਾਂ ਦੂਜਾ ਟੇਲਰ
ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਰਾਜ ਕੁਮਾਰ ਰਾਜੂ, ਜੋ ਕਿ ਲਾਵਾਰਿਸ ਸੀ ਨੂੰ ਇਲਾਕੇ ਦੇ ਪ੍ਰਮੁੱਖ ਮਿਸਤਰੀ ਬਚਨ ਸਿੰਘ ਨੇ ਨਾ ਸਿਰਫ ਆਪਣਾ ਨਾਂ ਦਿੱਤਾ, ਸਗੋਂ ਉਸਨੂੰ ਖਰਾਦ ਦਾ ਬਿਹਤਰ ਕਾਰੀਗਰ ਬਣਾ ਦਿੱਤਾ। ਜਿਸ ਨੂੰ 35 ਹਜ਼ਾਰ ਰੁਪਏ ਤਨਖਾਹ ਮਿਲਦੀ ਸੀ ਪਰ ਬੁਰੀ ਸੰਗਤ 'ਚ ਫਸੇ ਰਾਜੂ ਨੇ ਖੁਦ ਕੰਮ ਛੱਡ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਬਚਨ ਸਿੰਘ ਨੇ ਉਸ ਨੂੰ ਬੇਦਖਲ ਕਰ ਦਿੱਤਾ। ਇਹੀ ਹਾਲਾਤ ਦਲੀਪ ਕੁਮਾਰ ਭਈਆ ਦੇ ਹਨ, ਜੋ ਕਿ ਬਿਹਤਰ ਟੇਲਰ ਸੀ ਪਰ ਉਸਨੇ ਵੀ ਈਮਾਨਦਾਰੀ ਦਾ ਰਸਤਾ ਛੱਡ ਲੁੱਟ-ਖੋਹ ਸ਼ੁਰੂ ਕਰ ਦਿੱਤੀ। ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।
ਨੰਬਰ ਪਲੇਟ ਉਤਾਰ ਕੇ ਕਰਦੇ ਸੀ ਵਾਰਦਾਤ
ਥਾਣਾ ਇੰਚਾਰਜ ਅਮਨਦੀਪ ਬਰਾੜ ਨੇ ਦੱਸਿਆ ਕਿ ਦੋਸ਼ੀਆਂ ਨੇ ਕਬੂਲਿਆ ਕਿ ਉਹ ਲੁੱਟ ਦੀ ਵਾਰਦਾਤ ਤੋਂ ਪਹਿਲਾਂ ਮੋਟਰਸਾਈਕਲ ਦੀ ਨੰਬਰ ਪਲੇਟ ਉਤਾਰ ਦਿੰਦੇ ਸਨ ਅਤੇ ਦੂਜੀ ਵਾਰਦਾਤ ਤੋਂ ਪਹਿਲਾਂ ਮੋਟਰਸਾਈਕਲ ਬਦਲ ਲੈਂਦੇ ਸਨ।