ਨਰਮਾ ਚੋਰੀ ਦੇ ਮਾਮਲੇ ''ਚ 2 ਗ੍ਰਿਫਤਾਰ
Thursday, Mar 15, 2018 - 03:09 AM (IST)

ਤਲਵੰਡੀ ਸਾਬੋ(ਮੁਨੀਸ਼)-ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਵਿਖੇ ਇਕ ਕਿਸਾਨ ਦੇ ਘਰੋਂ ਨਰਮਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਪੁਲਸ ਨੇ ਮਾਮਲਾ ਦਰਜ ਕਰ ਕੇ ਨਰਮਾ ਚੋਰੀ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਪਿੰਡ ਭਗਵਾਨਪੁਰਾ ਦੇ ਲਖਵਿੰਦਰ ਸਿੰਘ ਦਾ 4-5 ਮਾਰਚ ਦੀ ਦਰਮਿਆਨੀ ਰਾਤ ਨੂੰ ਉਸ ਦੇ ਘਰੋਂ 20 ਕਿਲੋ ਦੇ ਕਰੀਬ ਨਰਮਾ ਚੋਰੀ ਕਰ ਲਿਆ ਗਿਆ। ਇਸ ਤੋਂ ਬਾਅਦ ਉਸ ਨੇ ਪਿੰਡ ਵਿਚ ਚੋਰੀ ਦਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ ਤੇ ਪਤਾ ਲੱਗਾ ਕਿ ਉਸ ਦੇ ਪਿੰਡ ਦੇ ਹੀ ਦੋ ਭਰਾ ਉਸ ਦਾ ਨਰਮਾ ਚੋਰੀ ਕਰ ਕੇ ਆਪਣੇ ਘਰ 'ਚ ਲੁਕੋ ਕੇ ਬੈਠੇ ਹਨ, ਜਿਸ 'ਤੇ ਉਸ ਨੇ ਤੁਰੰਤ ਤਲਵੰਡੀ ਸਾਬੋ ਪੁਲਸ ਨੂੰ ਮਾਮਲੇ ਦੀ ਇਤਲਾਹ ਦਿੱਤੀ ਤਾਂ ਥਾਣਾ ਤਲਵੰਡੀ ਸਾਬੋ ਦੇ ਹੌਲਦਾਰ ਰਣਧੀਰ ਸਿੰਘ ਨੇ ਕਥਿਤ ਦੋਸ਼ੀਆਂ ਦੇ ਘਰ ਜਾ ਕੇ ਤਲਾਸ਼ੀ ਲਈ ਤਾਂ ਕਥਿਤ ਦੋਸ਼ੀ ਨਰਮਾ ਲੁਕੋ ਰਹੇ ਸਨ। ਪੁਲਸ ਨੇ ਨਰਮਾ ਆਪਣੇ ਕਬਜ਼ੇ 'ਚ ਲੈ ਕੇ ਦੋਵੇਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਹੌਲਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਦੇ ਬਿਆਨਾਂ 'ਤੇ ਕ੍ਰਿਸ਼ਨ ਸਿੰਘ ਅਤੇ ਹਰਪ੍ਰੀਤ ਸਿੰਘ ਵਾਸੀ ਭਗਵਾਨਪੁਰਾ ਖਿਲਾਫ ਮਾਮਲਾ ਦਰਜ ਕਰ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।