ਵਿਜੀਲੈਂਸ ਬਿਊਰੋ ਦੀ ਟੀਮ ਨੇ ਰਿਸ਼ਵਤ ਲੈਂਦੇ ਪਟਵਾਰੀ ਤੇ ਉਸਦੇ ਸਹਾਇਕ ਨੂੰ ਕੀਤਾ ਕਾਬੂ

02/13/2018 4:36:47 AM

ਬਠਿੰਡਾ(ਬਲਵਿੰਦਰ)-ਵਿਜੀਲੈਂਸ ਬਿਊਰੋ ਦੀ ਟੀਮ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ ਇਕ ਪਟਵਾਰੀ ਤੇ ਉਸਦੇ ਨਿੱਜੀ ਸਹਾਇਕ ਨੂੰ 12 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਿਜੀਲੈਂਸ ਜਗਜੀਤ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਵਾਸੀ ਫੂਲ ਨੇ ਵਿਜੀਲੈਂਸ ਪੁਲਸ ਨੂੰ ਦੱਸਿਆ ਕਿ ਉਸਦੇ ਪਿਤਾ ਜਗਸੀਰ ਸਿੰਘ ਦੀ ਮੌਤ ਅਪ੍ਰੈਲ 2017 'ਚ ਹੋ ਗਈ ਸੀ। ਉਨ੍ਹਾਂ ਦੀ 7 ਏਕੜ ਜ਼ਮੀਨ ਮਾਲ ਹਲਕਾ ਫੂਲ-1 ਅਤੇ ਮਾਲ ਹਲਕਾ ਫੂਲ-2 'ਚ ਆਉਂਦੀ ਹੈ। ਉਸ ਨੇ ਦੱਸਿਆ ਕਿ ਉਕਤ ਜ਼ਮੀਨ ਦੀ ਵਸੀਅਤ ਉਸ ਦੀ ਮਾਤਾ ਬਲਜਿੰਦਰ ਕੌਰ, ਭਾਈ ਅਮਨਦੀਪ ਸਿੰਘ ਅਤੇ ਉਸਦੇ ਖੁਦ ਦੇ ਨਾਂ 'ਤੇ ਪਹਿਲਾਂ ਹੀ ਰਜਿਸਟਰਡ ਸੀ। ਉਸਦੇ ਪਿਤਾ ਦੀ ਮੌਤ ਤੋਂ ਬਾਅਦ ਜ਼ਮੀਨ ਦਾ ਇੰਤਕਾਲ ਆਪਣੇ ਨਾਂ ਕਰਵਾਉਣ ਲਈ ਮਾਲ ਪਟਵਾਰੀ ਗੁਰਜੀਤ ਸਿੰਘ ਨੇ ਉਸ ਕੋਲੋਂ ਪ੍ਰਤੀ ਏਕੜ 2 ਹਜ਼ਾਰ ਰੁਪਏ ਦੇ ਹਿਸਾਬ ਨਾਲ 14 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਉਸਨੇ ਦੱਸਿਆ ਕਿ ਉਨ੍ਹਾਂ ਦਾ ਸੌਦਾ 12 ਹਜ਼ਾਰ ਰੁਪਏ ਵਿਚ ਤੈਅ ਹੋ ਗਿਆ। ਇਸ ਦੌਰਾਨ ਉਸਨੇ ਇਸਦੀ ਜਾਣਕਾਰੀ ਵਿਜੀਲੈਂਸ ਬਿਊਰੋ ਨੂੰ ਦੇ ਦਿੱਤੀ। ਸੂਚਨਾ ਦੇ ਆਧਾਰ 'ਤੇ ਐੱਸ. ਪੀ. ਵਿਜੀਲੈਂਸ ਬਿਊਰੋ ਦੀ ਅਗਵਾਈ ਵਿਚ ਟੀਮ ਨੇ ਛਾਪੇਮਾਰੀ ਕਰ ਕੇ 12 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪਟਵਾਰੀ ਗੁਰਜੀਤ ਸਿੰਘ ਤੇ ਉਸਦੇ ਨਿੱਜੀ ਸਹਾਇਕ ਜਸਵਿੰਦਰ ਸਿੰਘ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ ਥਾਣਾ ਵਿਜੀਲੈਂਸ ਵਿਚ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


Related News