ਹਰੀਕੇ ਜਲਗਾਹ ''ਚੋਂ ਫੜੇ ਦੋ ਸ਼ਿਕਾਰੀ ਭੇਜੇ ਜੇਲ
Thursday, Feb 08, 2018 - 01:00 AM (IST)

ਮੱਖੂ(ਵਾਹੀ)—ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹਰੀਕੇ ਜਲਗਾਹ ਦੀ ਗਿੱਦੜਪਿੰਡੀ ਨਾਲ ਲਗਦੀ ਪੰਛੀ ਰੱਖ 'ਚੋਂ ਚੋਰੀ-ਛਿਪੇ ਸ਼ਿਕਾਰ ਕਰਨ ਵਾਲੇ ਦੋ ਵਿਅਕਤੀਆਂ ਨੂੰ ਵਿਭਾਗੀ ਅਧਿਕਾਰੀਆਂ ਵੱਲੋਂ ਕਾਬੂ ਕਰਕੇ ਕਪੂਰਥਲਾ ਜੇਲ ਭੇਜ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਡਿਵੀਜ਼ਨਲ ਜੰਗਲਾਤ ਅਫਸਰ ਫਿਰੋਜ਼ਪੁਰ ਚਰਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਰੇਂਜ ਅਫਸਰ ਹਰਪਿੰਦਰ ਸਿੰਘ, ਬਲਾਕ ਅਫਸਰ ਤਜਿੰਦਰ ਸਿੰਘ ਅਤੇ ਸੁਨੀਲ ਕੁਮਾਰ ਦੱਤ ਦੀ ਅਗਵਾਈ 'ਚ ਝੀਲ ਦੀ ਪੈਟਰੋਲਿੰਗ ਕਰਨ ਵਾਲੀ ਪਾਰਟੀ ਨੇ ਬੀਟ ਕੰਬੋਅ ਅਧੀਨ ਪੈਂਦੇ ਪਿੰਡ ਕਿੜੀਆਂ ਦੇ ਮੰਡ ਇਲਾਕੇ 'ਚੋਂ ਲੱਕੜ ਦੀ ਬੇੜੀ ਰਾਹੀਂ ਗੈਰਕਾਨੂੰਨੀ ਤਰੀਕੇ ਨਾਲ ਸ਼ਿਕਾਰ ਕਰਨ ਵਾਲੇ ਦੁੱਲਾ ਸਿੰਘ ਵਾਸੀ ਹਰੀਕੇ ਅਤੇ ਪ੍ਰਵਾਸੀ ਮਜ਼ਦੂਰ ਰਾਮ ਰਤਨ ਨੂੰ ਰੰਗੇ ਹੱਥੀਂ ਕਾਬੂ ਕਰਕੇ ਅਦਾਲਤ ਸੁਲਤਾਨਪੁਰ ਲੋਧੀ 'ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਕਥਿਤ ਦੋਸ਼ੀਆਂ ਨੂੰ ਕਪੂਰਥਲਾ ਦੀ ਜ਼ਿਲਾ ਜੇਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਝੀਲ ਦੇ ਇਲਾਕੇ 'ਚ ਨਿੱਜੀ ਬੇੜੀਆਂ ਚਲਾਉਣ ਦੀ ਜਿੱਥੇ ਪਾਬੰਦੀ ਹੈ ਉਥੇ ਹੀ ਗੈਰਕਾਨੂੰਨੀ ਢੰਗ ਨਾਲ ਪੰਛੀ ਰੱਖ 'ਚ ਦਾਖਲ ਹੋਣ ਵਾਲਿਆਂ ਲਈ ਜੁਰਮਾਨੇ ਤੇ ਸਜ਼ਾ ਦਾ ਕਾਨੂੰਨ ਵੀ ਹੈ।