ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ, 1 ਫਰਾਰ
Tuesday, Jan 30, 2018 - 03:48 AM (IST)
ਬਠਿੰਡਾ(ਸੁਖਵਿੰਦਰ)-ਸੀ. ਆਈ. ਏ-2 ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦਕਿ 1 ਵਿਅਕਤੀ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਉਕਤ ਵਿਅਕਤੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਪੁਲਸ ਨੇ ਮੁਲਜ਼ਮਾਂ ਤੋਂ 315 ਬੋਰ ਪਿਸਤੌਲ, ਕਾਰਤੂਸ ਅਤੇ ਕਾਰ ਬਰਾਮਦ ਕਰ ਕੇ ਉਕਤ ਵਿਅਕਤੀਆਂ ਖਿਲਾਫ਼ ਥਾਣਾ ਥਰਮਲ ਵਿਖੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਪੀ. (ਡੀ) ਸਵਰਨ ਸਿੰਘ ਖੰਨਾ ਨੇ ਦੱਸਿਆ ਕਿ ਬੀਤੇ ਦਿਨੀਂ ਸੀ. ਆਈ. ਏ-2 ਦੇ ਇੰਚਾਰਜ ਐੱਸ. ਆਈ. ਤਰਜਿੰਦਰ ਸਿੰਘ ਵੱਲੋਂ ਟੀਮ ਸਮੇਤ ਮਲੋਟ ਰੋਡ 'ਤੇ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਪਿੰਡ ਕੋਠੇ ਕਾਮੇਵਾਲੇ ਦੇ ਸ਼ਮਸ਼ਾਨਘਾਟ ਪਿੱਛੇ ਕੁਝ ਵਿਅਕਤੀ ਸ਼ੱਕੀ ਹਾਲਤ ਵਿਚ ਬੈਠੇ ਹੋਏ ਹਨ ਅਤੇ ਵੱਡੀ ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਛਾਪੇਮਾਰੀ ਕਰ ਕੇ 5 ਵਿਅਕਤੀਆਂ ਸਿਮਰਜੀਤ ਸਿੰਘ ਵਾਸੀ ਪੂਹਲਾ, ਨਿਰਮਲ ਸਿੰਘ ਵਾਸੀ ਪਥਰਾਲਾ, ਜਸਪ੍ਰੀਤ ਸਿੰਘ ਵਾਸੀ ਬੁਰਜ ਮਹਿਮਾ, ਸੁਖਪਾਲ ਸਿੰਘ ਬੱਲੂਆਣਾ, ਗੁਰਪ੍ਰੀਤ ਸਿੰਘ ਵਾਸੀ ਵਿਰਕ ਖੁਰਦ ਨੂੰ ਗ੍ਰਿਫਤਾਰ ਕੀਤਾ ਜਦਕਿ ਲਖਵਿੰਦਰ ਸਿੰਘ ਵਾਸੀ ਪਿੰਡ ਹਰਰਾਏਪੁਰ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਪੁਲਸ ਨੇ ਮੁਲਜ਼ਮਾਂ ਤੋਂ 315 ਬੋਰ ਪਿਸਤੌਲ ਸਮੇਤ 6 ਕਾਰਤੂਸ, ਨਲਕੇ ਦੀ ਹੱਥੀ ਅਤੇ ਇਕ ਆਈ-20 ਕਾਰ ਬਰਾਮਦ ਕੀਤੀ। ਸ਼੍ਰੀ ਖੰਨਾ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਆਈ-20 ਕਾਰ ਐੱਨ. ਐੱਫ. ਐੱਫ਼. ਕੋਲੋਂ ਖੋਹੀ ਸੀ। ਇਸ ਤੋਂ ਇਲਾਵਾ ਪਿੰਡ ਬਹਿਮਣ ਦੀਵਾਨਾ ਰਿੰਗ ਰੋਡ ਤੋਂ ਇਕ ਸਕਿਓਰਿਟੀ ਗਾਰਡ ਕੋਲੋਂ ਬੰਦੂਕ, ਕੋਟਸ਼ਮੀਰ ਤੋਂ ਇਕ ਮਾਂ-ਪੁੱਤ ਨੂੰ ਅਗਵਾ ਕੀਤਾ ਸੀ। ਇਸ ਤੋਂ ਇਲਾਵਾ ਹਰਿਆਣਾ ਅਤੇ ਪੰਜਾਬ ਵਿਚ ਪੈਟਰੋਲ ਪੰਪ ਲੁੱਟਣ ਅਤੇ ਪੈਸੇ ਖੋਹਣ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਖੰਨਾ ਨੇ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਗਿਰੋਹ 'ਚ 3 ਵਿਦਿਆਰਥੀ : ਲੁੱਟ-ਖੋਹ ਕਰਨ ਵਾਲੇ ਗਿਰੋਹ ਵਿਚ 3 ਵਿਦਿਆਰਥੀ ਸ਼ਾਮਲ ਹਨ, ਜੋ ਵੱਖ-ਵੱਖ ਕਾਲਜਾਂ ਅਤੇ ਕੰਪਿਊਟਰ ਸੈਂਟਰਾਂ 'ਤੇ ਆਪਣੀ ਪੜ੍ਹਾਈ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਉਕਤ ਮੁਲਜ਼ਮਾਂ ਵਿਚ ਨਿਰਮਲ ਸਿੰਘ ਕੰਪਿਊਟਰ ਦਾ ਵਿਦਿਆਰਥੀ ਹੈ ਜੋ ਇਕ ਸਕੂਲ ਵਿਚ ਕੰਪਿਊਟਰ ਦੀ ਪੜ੍ਹਾਈ ਪੂਰੀ ਕਰ ਰਿਹਾ ਹੈ। ਇਸੇ ਤਰ੍ਹਾਂ ਸੁਖਪਾਲ ਸਿੰਘ ਬੀ. ਏ. ਭਾਗ-2 ਦੀ ਪੜ੍ਹਾਈ ਕਰ ਰਿਹਾ ਹੈ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ 12ਵੀਂ (ਓਪਨ) ਦਾ ਵਿਦਿਆਰਥੀ ਹੈ। ਜਲਦੀ ਅਮੀਰ ਬਣਨ ਦੇ ਸ਼ੌਕ ਨੇ ਉਕਤ ਵਿਅਕਤੀਆਂ ਨੂੰ ਮੁਜਰਮ ਬਣਾ ਦਿੱਤਾ।
