ਯਾਰਨ ਬ੍ਰੋਕਰ ਗੰਨ ਪੁਆਇੰਟ ਵਾਰਦਾਤ : ਦੁਕਾਨ ਦਾ ਨੌਕਰ ਨਿਕਲਿਆ ਪਲਾਨ ਦਾ ਮਾਸਟਰ ਮਾਈਂਡ
Wednesday, Jan 17, 2018 - 04:47 AM (IST)
ਲੁਧਿਆਣਾ(ਰਾਮ, ਮੁਕੇਸ਼)-ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਵਿਖੇ ਯਾਰਨ ਬ੍ਰੋਕਰ ਤੋਂ ਗੰਨ ਪੁਆਇੰਟ 'ਤੇ ਲੁਟੇਰਿਆਂ ਵਲੋਂ ਕੀਤੀ ਗਈ ਲੱਖਾਂ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਹੱਲ ਕਰਦੇ ਹੋਏ ਥਾਣਾ ਮੋਤੀ ਨਗਰ ਪੁਲਸ ਨੇ 2 ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਦੋਸ਼ੀਆਂ ਕੋਲੋਂ 32000 ਦੇ ਕਰੀਬ ਨਕਦੀ, 2 ਮੋਟਰਸਾਈਕਲ ਤੇ ਵਾਰਦਾਤ ਦੌਰਾਨ ਵਰਤਿਆ ਦਾਤਰ ਬਰਾਮਦ ਕੀਤਾ ਹੈ। ਮਾਮਲੇ ਸਬੰਧੀ ਆਯੋਜਿਤ ਪ੍ਰੈੱਸਵਾਰਤਾ ਦੌਰਾਨ ਏ. ਸੀ. ਪੀ. ਪਵਨਜੀਤ ਨੇ ਕਿਹਾ ਕਿ ਲੁੱਟ ਦਾ ਪਲਾਨ ਤਿਆਰ ਕਰਨ ਵਾਲਾ ਮਾਸਟਰ ਮਾਈਂਡ ਗੋਲ ਮਾਰਕੀਟ ਵਿਖੇ ਯਾਰਨ ਬ੍ਰੋਕਰ ਦੇ ਪੁੱਤਰ ਭਾਰਤ ਭੂਸ਼ਣ ਦੀ ਦੁਕਾਨ 'ਤੇ ਕੰਮ ਕਰਨ ਵਾਲਾ ਨੌਕਰ ਰਣਜੀਤ ਰਾਣਾ ਨਿਕਲਿਆ ਜੋ ਕਿ ਸਾਲ ਪਹਿਲਾਂ ਕਰੀਬ ਕੰਮ ਛੱਡ ਚੁੱਕਾ ਹੈ। ਪੁਲਸ ਲਈ ਮਾਮਲੇ ਨੂੰ ਹੱਲ ਕਰਨਾ ਟੇਢੀ ਖੀਰ ਸਮਾਨ ਸੀ। ਇਸ ਵਜੋਂ ਕਈ ਪੁਲਸ ਦੀਆਂ ਟੀਮਾਂ ਵੱਖ-ਵੱਖ ਥਿਊਰੀਆਂ 'ਤੇ ਦਿਨ-ਰਾਤ ਕੰਮ ਕਰਨ ਵਿਚ ਜੁਟੀਆਂ ਹੋਈਆਂ ਸਨ। ਪੁਲਸ ਦੇ ਹੱਥ ਉਸ ਸਮੇਂ ਸਫਲਤਾ ਲੱਗੀ, ਜਦੋਂ ਸ਼ੱਕ ਦੇ ਆਧਾਰ 'ਤੇ ਕਈ ਲੋਕਾਂ ਕੋਲੋਂ ਕੀਤੀ ਗਈ ਪੁੱਛਗਿੱਛ ਨੂੰ ਲੈ ਕੇ ਕੁੱਝ ਸੁਰਾਗ ਹੱਥ ਲੱਗੇ ਤਾਂ ਪੁਲਸ ਲੁਟੇਰਿਆਂ ਤੱਕ ਪਹੁੰਚਣ 'ਚ ਕਾਮਯਾਬ ਰਹੀ। ਪੁਲਸ ਵਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀ ਰਣਜੀਤ ਰਾਣਾ ਜੋ ਕਿ ਫਰਾਰ ਹੈ ਤੇ ਪਿਸਤੌਲ ਜੋ ਕਿ ਅਸਲੀ ਜਾਂ ਨਕਲੀ ਹੈ, ਬਰਾਮਦ ਕੀਤੀ ਜਾਣੀ ਬਾਕੀ ਹੈ। ਥਾਣਾ ਇੰਚਾਰਜ ਮੋਤੀ ਨਗਰ, ਪਰਮਦੀਪ ਸਿੰਘ ਨੇ ਕਿਹਾ ਕਿ ਸਾਲ ਪਹਿਲਾਂ ਦੁਕਾਨ ਤੋਂ ਕੰਮ ਛੱਡ ਚੁੱਕਾ ਦੋਸ਼ੀ ਰਣਜੀਤ ਰਾਣਾ ਮਾਸਟਰ ਮਾਈਂਡ ਨੇ ਪਹਿਲਾਂ ਨੋਟਬੰਦੀ ਦੌਰਾਨ ਯਾਰਨ ਬ੍ਰੋਕਰ ਨੂੰ ਲੁੱਟਣ ਦਾ ਸਾਥੀਆਂ ਨਾਲ ਪਲਾਨ ਤਿਆਰ ਕੀਤਾ ਸੀ, ਜੋ ਕਿ ਕਿਸੇ ਕਾਰਨ ਫੇਲ ਹੋ ਗਿਆ ਸੀ। ਯਾਰਨ ਬ੍ਰੋਕਰ ਦੇ ਇਕ ਪੁੱਤਰ ਦੀ ਮੌਤ ਹੋ ਚੁੱਕੀ ਹੈ ਤੇ ਕੁੱਝ ਮਹੀਨੇ ਪਹਿਲਾਂ ਪਤਨੀ ਦੀ ਵੀ ਮੌਤ ਹੋ ਚੁੱਕੀ ਹੈ। ਦੂਸਰਾ ਪੁੱਤਰ ਬੀਮਾਰੀ ਕਰਕੇ ਚੱਲ ਫਿਰ ਨਹੀਂ ਸਕਦਾ ਤੇ ਘਰ 'ਚ ਬਿਸਤਰ 'ਤੇ ਪਿਆ ਹੈ। ਸ਼ਾਂਤੀ ਲਾਲ ਆਪ ਬਜ਼ੁਰਗ ਹੈ, ਅਪਾਹਜ ਪੁੱਤਰ ਨਾਲ ਘਰ ਵਿਖੇ ਇਕੱਲਿਆ ਰਹਿੰਦਾ ਹੈ, ਦਾ ਫਾਇਦਾ ਚੁੱਕਦੇ ਹੋਏ ਮਾਸਟਰ ਮਾਈਂਡ ਰਾਣਾ ਸਾਥੀਆਂ ਨਾਲ ਫਿਰ ਤੋਂ ਪਲਾਨ ਤਿਆਰ ਕਰ ਕੇ ਵਾਰਦਾਤ ਨੂੰ ਅੰਜਾਮ ਦੇਣ ਵਿਚ ਸਫਲ ਹੋ ਗਿਆ ਸੀ ਪਰ ਪੁਲਸ ਹੱਥ ਕੁੱਝ ਅਹਿਮ ਸੁਰਾਗ, ਲੋਕਾਂ ਦੀ ਮਦਦ ਤੇ ਕੈਮਰੇ ਦੀ ਫੁਟੇਜ ਕਰਕੇ ਦੋਸ਼ੀਆਂ ਤੱਕ ਪਹੁੰਚਣ ਵਿਚ ਕਾਮਯਾਬ ਹੋ ਗਈ।
(ਏ. ਸੀ. ਪੀ.) ਪਵਨਜੀਤ ਨੇ ਕਿਹਾ ਕਿ ਲੁੱਟ ਦਾ ਮਾਸਟਰ ਮਾਈਂਡ ਰਣਜੀਤ ਰਾਣਾ ਹਾਲੇ ਫਰਾਰ ਹੈ। ਦੂਸਰੇ ਦੋਸ਼ੀਆਂ ਵਿਚ ਸ਼ਾਮਲ ਕਾਲਾ ਉਰਫ ਧੀਰੀ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਵਾਲਮੀਕਿ ਮੰਦਰ ਵਾਲੀ ਗਲੀ, ਦੂਸਰਾ ਦੋਸ਼ੀ ਗੌਤਮ ਉਰਫ ਭਾਂਬੜ ਪੁੱਤਰ ਹਰਵੀਰ, ਦੋਹੇ ਰਾਜੀਵ ਗਾਂਧੀ ਕਾਲੋਨੀ ਨੂੰ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਤੇ ਮੁਕੱਦਮਾ. ਨੰ. 10 ਧਾਰਾ 382 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਇੰਚਾਰਜ ਪਰਮਦੀਪ ਸਿੰਘ ਨੇ ਕਿਹਾ ਕਿ ਰਾਣਾ ਦੇ ਫਰਾਰ ਬਾਕੀ ਦੋਸ਼ੀ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ, ਜਿਨ੍ਹਾਂ ਵਿਚ ਦੋਸ਼ੀ ਰਣਜੀਤ ਸਿੰਘ ਪੁੱਤਰ ਸ਼ਿਵਨਾਥ ਸੰਨੀ ਉਰਫ ਬੋਧਾ ਪੁੱਤਰ ਅਸ਼ੋਕ, ਸ਼ਿਵਮ ਉਰਫ ਸ਼ਿੱਬੂ ਪੁੱਤਰ ਅਤੁੱਲ, ਵਿਕਾਸ ਉਰਫ ਦੱਚੀ ਪੁੱਤਰ ਧਰਮਿੰਦਰ, ਸਾਰੇ ਰਾਜੀਵ ਗਾਂਧੀ ਕਾਲੋਨੀ ਵਾਸੀ ਸ਼ਾਮਲ ਹਨ।
