ਨਸ਼ੀਲੇ ਪਦਾਰਥਾਂ ਸਣੇ ਕਈ ਗ੍ਰਿਫਤਾਰ
Wednesday, Dec 20, 2017 - 01:20 AM (IST)

ਫ਼ਿਰੋਜ਼ਪੁਰ(ਕੁਮਾਰ, ਮਲਹੋਤਰਾ)—ਫਿਰੋਜ਼ਪੁਰ ਨਾਰਕੋਟਿਕ ਸੈੱਲ, ਥਾਣਾ ਸਦਰ ਅਤੇ ਥਾਣਾ ਮਮਦੋਟ ਦੀ ਪੁਲਸ ਨੇ 4 ਲੋਕਾਂ ਨੂੰ ਨਸ਼ੀਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਇੰਚਾਰਜ ਨਾਰਕੋਟਿਕ ਸੈਲ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਸਿਟੀ ਫਿਰੋਜ਼ਪੁਰ ਦੇ ਏਰੀਆ ਵਿਚ ਪੁਲਸ ਨੇ ਜੁਗਰਾਜ ਸਿੰਘ ਉਰਫ ਰਾਜਾ ਨਾਮੀ ਆਦਮੀ ਨੂੰ 1000 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸਦੇ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ।
ਦੂਸਰੇ ਪਾਸੇ ਥਾਣਾ ਸਦਰ ਦੇ ਹੌਲਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਪਿੰਡ ਅਲੀ ਕੇ ਦੇ ਬੰਨ੍ਹ 'ਤੇ ਪੁਲਸ ਨੇ ਲੱਖਾ ਉਰਫ ਲੱਖੀ ਅਤੇ ਮੇਜਰ ਨੂੰ 25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਮਮਦੋਟ ਦੇ ਹੌਲਦਾਰ ਕਰਮਦੀਪ ਸਿੰਘ ਨੇ ਦੱਸਿਆ ਕਿ ਪਿੰਡ ਪੀਰ ਖਾਂ ਸ਼ੇਖ ਦੇ ਏਰੀਆ ਵਿਚ ਪੁਲਸ ਨੇ 70 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੇਸਾ ਸਿੰਘ ਨਾਮੀ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਸ਼ਰਾਬ ਸਮੇਤ ਫੜੇ ਗਏ ਵਿਅਕਤੀਆਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਹਨ। ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਕਾਰਨ ਥਾਣਾ ਘੱਲ ਖੁਰਦ ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ ਕੁਲਵੰਤ ਸਿੰਘ ਨੇ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਦੌਰਾਨ ਪਿੰਡ ਲੋਹਾਮ ਨਜ਼ਦੀਕ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 200 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਸ ਵਲੋਂ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਥਾਣਾ ਘੱਲ ਖੁਰਦ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਅਸ਼ੋਕ ਪੁੱਤਰ ਸ਼ਿੰਗਾਰਾ ਵਾਸੀ ਪਿੰਡ ਸੋਢੀ ਨਗਰ ਵਜੋਂ ਹੋਈ ਹੈ। ਪੁਲਸ ਵੱਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸ. ਐੱਸ. ਪੀ. ਡਾ. ਕੇਤਨ ਬਲੀਰਾਮ ਪਾਟਿਲ ਤੇ ਡੀ. ਐੱਸ. ਪੀ. ਅਮਰਜੀਤ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਦੇ ਕਾਰਨ ਸ਼ਰਾਰਤੀ ਅਨਸਰਾਂ 'ਤੇ ਠੱਲ੍ਹ ਪਾਉਣ ਦੀ ਮੁਹਿੰਮ ਦੇ ਤਹਿਤ ਅੱਜ ਥਾਣਾ ਸਦਰ 'ਚ ਪੈਂਦੀ ਘੁਬਾਇਆ ਚੌਕੀ ਦੀ ਪੁਲਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਘੁਬਾਇਆ ਦੇ ਇੰਚਾਰਜ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਘੁਬਾਇਆ ਤੋਂ ਲਿੰਕ ਸੜਕ 'ਤੇ ਪਿੰਡ ਮੁਹੰਮਦੇ ਵਾਲਾ ਉਰਫ ਭਾਬੜਾ ਕੋਲ ਜਾ ਰਹੇ ਸੀ ਕਿ ਅੱਗੋਂ ਕਾਲੇ ਰੰਗ ਦੇ ਮੋਟਰਸਾਈਕਲ 'ਤੇ 2 ਵਿਅਕਤੀ ਆ ਰਹੇ ਸਨ, ਜੋ ਉਨ੍ਹਾਂ ਨੂੰ ਵੇਖ ਕੇ ਮੋਟਰਸਾਈਕਲ ਮੋੜਨ ਲੱਗ ਪਏ ਤੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 6800 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਦੀਪਕ ਕੁਮਾਰ ਊਰਫ ਦੀਪਾ ਪੁੱਤਰ ਦਰਸ਼ਨ ਰਾਮ ਵਾਸੀ ਗੋਬਿੰਦ ਨਗਰੀ ਜਲਾਲਾਬਾਦ ਤੇ ਮੱਖਣ ਸਿੰਘ ਪੁੱਤਰ ਗੰਡਾ ਸਿੰਘ ਵਾਸੀ ਫਤਿਹਗੜ੍ਹ ਥਾਣਾ ਸਦਰ ਫਾਜ਼ਿਲਕਾ ਵਜੋਂ ਹੋਈ ਹੈ, ਜਿਨ੍ਹਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਗਈ।