ਸਰਕਾਰੀ ਗ੍ਰਾਂਟਾਂ ''ਚ ਘਪਲਾ ਕਰਨ ਦੇ ਦੋਸ਼ ''ਚ ਮੌਜੂਦਾ ਸਰਪੰਚ ਗ੍ਰਿਫਤਾਰ

Sunday, Dec 03, 2017 - 05:05 AM (IST)

ਸਰਕਾਰੀ ਗ੍ਰਾਂਟਾਂ ''ਚ ਘਪਲਾ ਕਰਨ ਦੇ ਦੋਸ਼ ''ਚ ਮੌਜੂਦਾ ਸਰਪੰਚ ਗ੍ਰਿਫਤਾਰ

ਖੰਨਾ(ਸੁਨੀਲ)-ਪੁਲਸ ਨੇ ਸ਼ਿਕਾਇਤਕਰਤਾ ਹਰਦੀਪ ਸਿੰਘ ਨਿਵਾਸੀ ਪਿੰਡ ਮਾਜਰੀ ਦੀ ਸ਼ਿਕਾਇਤ 'ਤੇ ਸਰਕਾਰੀ ਗ੍ਰਾਂਟਾਂ 'ਚ ਘਪਲਾ ਕਰਨ ਦੇ ਦੋਸ਼ 'ਚ ਇਕ ਮੌਜੂਦਾ ਸਰਪੰਚ 'ਤੇ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਕਥਿਤ ਦੋਸ਼ੀ ਸਰਪੰਚ ਨੂੰ ਮਾਣਯੋਗ ਜੱਜ ਰਾਧਿਕਾ ਪੁਰੀ ਦੀ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸਦਾ 2 ਦਿਨਾਂ ਦਾ ਰਿਮਾਂਡ ਪੁਲਸ ਨੂੰ ਮਿਲ ਗਿਆ ਹੈ। ਆਪਣੀ ਸ਼ਿਕਾਇਤ 'ਚ ਸ਼ਿਕਾਇਤਕਰਤਾ ਹਰਦੀਪ ਸਿੰਘ ਨਿਵਾਸੀ ਮਾਜਰੀ ਨੇ ਆਪਣੇ ਪਿੰਡ ਦੇ ਅਕਾਲੀ ਸਰਪੰਚ ਸਵਰਨਜੀਤ ਸਿੰਘ ਖਿਲਾਫ ਪੰਚਾਇਤ ਦੇ ਫੰਡਾਂ 'ਚ ਘਪਲੇ ਅਤੇ ਹੇਰਾਫੇਰੀ ਦੇ ਦੋਸ਼ 'ਚ ਡੀ. ਸੀ. ਲੁਧਿਆਣਾ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਇਸ ਸਬੰਧੀ ਜਾਂਚ ਡੀ. ਡੀ. ਪੀ. ਓ. ਲੁਧਿਆਣਾ ਵਲੋਂ ਖੰਨਾ ਦੇ ਬੀ. ਡੀ. ਪੀ. ਓ. ਨੂੰ ਸੌਂਪੀ ਗਈ ਸੀ ਅਤੇ ਬੀ. ਡੀ. ਪੀ. ਓ. ਨੇ 1 ਦਸੰਬਰ 2017 ਨੂੰ ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੂੰ ਭੇਜੀ ਆਪਣੀ ਜਾਂਚ ਰਿਪੋਰਟ 'ਚ ਲਿਖਿਆ ਕਿ ਉਕਤ ਸਰਪੰਚ ਨੇ ਮਨਰੇਗਾ ਅਤੇ ਹੋਰ ਮਿਲੀਆਂ ਗ੍ਰਾਂਟਾਂ 'ਚੋਂ ਕੁੱਲ 7,57,837 ਰੁਪਏ ਦਾ ਘਪਲਾ ਕੀਤਾ ਹੈ। ਆਪਣੇ ਕਾਰਜਕਾਲ ਦੌਰਾਨ ਉਸਨੇ ਬਿਨਾਂ ਕੁਟੇਸ਼ਨ ਦੇ ਮਟੀਰੀਅਲ ਦੀ ਖਰੀਦ ਵੀ ਕੀਤੀ। ਬੀ. ਡੀ. ਪੀ. ਓ. ਦੁਆਰਾ ਉਕਤ ਸਰਪੰਚ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਅਤੇ ਸਦਰ ਥਾਣਾ 'ਚ ਸ਼ੁੱਕਰਵਾਰ ਨੂੰ ਸਰਪੰਚ ਸਵਰਨਜੀਤ ਸਿੰਘ ਮਾਜਰੀ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।


Related News