ਤੀਜੀ ਕਲਾਸ ਦੇ ਵਿਦਿਆਰਥੀ ਨਾਲ ਕੁਕਰਮ, 2 ਗ੍ਰਿਫਤਾਰ

Sunday, Nov 05, 2017 - 06:17 AM (IST)

ਤੀਜੀ ਕਲਾਸ ਦੇ ਵਿਦਿਆਰਥੀ ਨਾਲ ਕੁਕਰਮ, 2 ਗ੍ਰਿਫਤਾਰ

ਜਲੰਧਰ(ਸ਼ੋਰੀ)—ਬੀਤੀ ਦੇਰ ਰਾਤ ਗਾਜ਼ੀ-ਗੁੱਲਾ ਇਲਾਕੇ ਦੇ ਰਹਿਣ ਵਾਲੇ 8 ਸਾਲਾ ਬੱਚੇ ਨੂੰ ਨੌਜਵਾਨ ਸਾਈਕਲ 'ਤੇ ਬਿਠਾ ਕੇ ਆਪਣੇ ਦੋਸਤ ਦੇ ਕਮਰੇ ਵਿਚ ਲੈ ਗਿਆ, ਜਿਥੇ ਬੱਚੇ ਨਾਲ ਕੁਕਰਮ ਕੀਤਾ ਗਿਆ। ਖੂਨ ਨਾਲ ਲਥਪਥ ਹਾਲਤ ਵਿਚ ਬੱਚੇ ਨੂੰ ਮੁਲਜ਼ਮ ਸੋਢਲ ਰੋਡ ਕੋਲ ਛੱਡ ਗਏ। ਬੱਚੇ ਦੀ ਮਾਂ ਜੋ ਬੱਚੇ ਨੂੰ ਲੱਭ ਰਹੀ ਸੀ, ਨੇ ਬੱਚੇ ਨੂੰ ਰੋਂਦਿਆਂ ਵੇਖ ਕਾਰਨ ਪੁੱਛਿਆ ਤਾਂ ਬੱਚੇ ਨੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਦੱਸੀ। ਇਸ ਤੋਂ ਬਾਅਦ ਮਾਂ ਨੇ ਥਾਣਾ 1 ਦੀ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਤੁਰੰਤ ਕੇਸ ਦਰਜ ਕਰਕੇ ਕੁਝ ਘੰਟਿਆਂ ਵਿਚ ਹੀ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ। ਜਾਣਕਾਰੀ ਮੁਤਾਬਕ ਤੀਜੀ ਕਲਾਸ ਵਿਚ ਪੜ੍ਹਨ ਵਾਲੇ ਰੋਹਨ (ਕਾਲਪਨਿਕ ਨਾਂ) ਜੋ ਗਾਜ਼ੀ ਗੁੱਲਾ ਇਲਾਕੇ ਵਿਚ ਆਪਣੇ ਪਰਿਵਾਰ ਨਾਲ ਕਿਰਾਏ ਦੇ ਕੁਆਰਟਰ ਵਿਚ ਰਹਿੰਦਾ ਹੈ। ਉਸਦੀ ਮਾਂ ਰੋਜ਼ਾਨਾ ਵਾਂਗ ਘਰਾਂ ਵਿਚ ਸਫਾਈ ਦਾ ਕੰਮ ਕਰਨ ਗਈ ਸੀ। ਬੀਤੀ ਰਾਤ ਮਾਂ ਕਰੀਬ 9 ਵਜੇ ਘਰ ਪਰਤੀ ਤਾਂ ਉਸਦੇ ਦੋ ਬੱਚੇ ਬਾਹਰ ਪ੍ਰੇਸ਼ਾਨ ਖੜ੍ਹੇ ਸਨ। ਮਾਂ ਨੂੰ ਬੱਚਿਆਂ ਨੇ ਦੱਸਿਆ ਕਿ ਰੋਹਨ ਕਾਫੀ ਦੇਰ ਤੋਂ ਲਾਪਤਾ ਹੈ। ਕਾਫੀ ਦੇਰ ਤੱਕ ਨਾ ਮਿਲਣ 'ਤੇ ਆਖਿਰ ਮਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਬੱਚੇ ਨੂੰ ਮਾਂ ਲੱਭਦੀ ਰਹੀ। ਬੱਚਾ ਜਦੋਂ ਮਿਲਿਆ ਤਾਂ ਉਸਨੇ ਦੱਸਿਆ ਕਿ ਉਸਦੇ ਕੁਆਰਟਰ ਵਿਚ ਰਹਿਣ ਵਾਲਾ ਰਾਹੁਲ ਪੁੱਤਰ ਲਕਸ਼ਮਣ ਉਸਨੂੰ ਸਾਈਕਲ 'ਤੇ ਘੁਮਾਉਣ ਦੇ ਬਹਾਨੇ ਇਕ ਕਮਰੇ ਵਿਚ ਲੈ ਗਿਆ, ਜਿਥੇ ਉਸਨੇ ਉਸ ਨਾਲ ਕੁਕਰਮ ਕੀਤਾ। ਥਾਣਾ 1 ਵਿਚ ਤਾਇਨਾਤ ਏ. ਐੱਸ. ਆਈ. ਕੁਲਵਿੰਦਰ ਸਿੰਘ ਨੂੰ ਜਾਂਚ ਵਿਚ ਪਤਾ ਲੱਗਾ ਕਿ ਰਾਹੁਲ ਆਪਣੇ ਦੋਸਤ ਵਿੱਕੀ ਪੁੱਤਰ ਰਾਮ ਸਨੇਹੀ ਵਾਸੀ ਯੂ. ਪੀ. ਹਾਲ ਸੁਭਾਸ਼ ਨਗਰ ਇੰਡਸਟਰੀਅਲ ਏਰੀਆ ਦੇ ਕਮਰੇ ਵਿਚ ਲੈ ਗਿਆ। ਬੱਚੇ ਮੁਤਾਬਕ ਰਾਹੁਲ ਨੇ ਕੁਝ ਨਹੀਂ ਕੀਤਾ, ਜਦੋਂਕਿ ਉਸਦੇ ਦੋਸਤ ਵਿੱਕੀ ਨੇ ਉਸ ਨਾਲ ਗਲਤ ਕੰਮ ਕੀਤਾ। ਪੁਲਸ ਨੇ ਬੱਚੇ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਲਿਆ ਹੈ। ਡਾ. ਰਾਕੇਸ਼ ਚੋਪੜਾ ਨੇ ਬੱਚੇ ਦੇ ਸਵੈਪ ਸੈਂਪਲ ਲੈ ਕੇ ਉਨ੍ਹਾਂ ਨੂੰ ਸੌਂਪ ਦਿੱਤੇ ਹਨ। ਸੈਂਪਲ ਦੀ ਜਾਂਚ ਲਈ ਉਨ੍ਹਾਂ ਨੂੰ ਲੈਬਾਰਟਰੀ ਵਿਚ ਭੇਜਿਆ ਜਾਵੇਗਾ। ਦੋਵਾਂ ਮੁਲਜ਼ਮਾਂ ਨੂੰ ਪੁਲਸ ਨੇ ਕਾਬੂ ਕਰ ਲਿਆ ਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਦੋਵਾਂ ਨੇ ਸ਼ਰਾਬ ਦੇ ਨਸ਼ੇ ਵਿਚ ਇਹ ਕੰਮ ਕੀਤਾ ਹੈ।


Related News