ਹੱਤਿਆਰਿਆਂ ਵੱਲੋਂ ਫਾਇਰਿੰਗ ਦੇ ਸ਼ੱਕ ਨੇ 9 ਸਾਲਾਂ ਬਾਅਦ ਕਾਬੂ ਕਰਵਾਇਆ ਗੈਂਗਸਟਰ ਪੀਟਰ
Sunday, Nov 05, 2017 - 04:13 AM (IST)
ਲੁਧਿਆਣਾ(ਰਿਸ਼ੀ)-ਪੰਜਾਬ ਦੇ ਨਾਮੀ ਗੈਂਗਸਟਰ ਪੀਟਰ ਗੈਂਗ ਦਾ ਸਰਗਣਾ ਅਤੇ ਬਾਕਸਿੰਗ ਦਾ ਨੈਸ਼ਨਲ ਪਲੇਅਰ ਦਵਿੰਦਰ ਸਿੰਘ (37) ਹਿੰਦੂ ਨੇਤਾਵਾਂ 'ਤੇ ਗੋਲੀ ਦਾਗਣ ਵਾਲੇ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਦੀ ਤਰ੍ਹਾਂ ਦਿਸਦਾ ਹੈ। ਉਸ ਦੇ ਹੱਤਿਆਰੇ ਹੋਣ ਦੇ ਸ਼ੱਕ ਨੇ 9 ਸਾਲਾਂ ਬਾਅਦ ਪੰਜਾਬ ਪੁਲਸ ਨੂੰ ਫੜਵਾ ਦਿੱਤਾ। ਹਿੰਦੂ ਨੇਤਾਵਾਂ ਦਾ ਹੱਤਿਆਰਾ ਨਾ ਹੋਣ ਦੇ ਬਾਵਜੂਦ ਪੁਲਸ ਦੀ ਮਿਹਨਤ ਵਿਅਰਥ ਨਹੀਂ ਗਈ ਤੇ ਇੰਨੇ ਸਾਲਾਂ ਤੱਕ ਪੰਜਾਬ ਪੁਲਸ ਲਈ ਮੁਸੀਬਤ ਬਣ ਚੁੱਕੇ ਗੈਂਗਸਟਰ ਦਾ ਫੜਿਆ ਜਾਣਾ ਇਕ ਵੱਡੀ ਕਾਮਯਾਬੀ ਰਹੀ।
ਜਾਣਕਾਰੀ ਅਨੁਸਾਰ ਪੁਲਸ ਕੋਲ ਹੱਤਿਆਰਿਆਂ ਦੀ ਫੁਟੇਜ ਹੈ, ਉਸਦੇ ਪਿੱਛੇ ਬੈਠੇ ਨੌਜਵਾਨ ਦਾ ਕੱਦ 6 ਫੁੱਟ ਹੈ ਅਤੇ ਬਾਡੀ ਬਿਲਡਰ ਹੈ ਜਦਕਿ ਨੈਸ਼ਨਲ ਪਲੇਅਰ ਦਾ ਕੱਦ 6 ਫੁੱਟ ਤੋਂ ਜ਼ਿਆਦਾ ਹੈ ਅਤੇ ਬਾਡੀ ਬਿਲਡਰ ਹੈ। ਨੈਸ਼ਨਲ ਪਲੇਅਰ ਨੇ ਅੱਜ ਤੱਕ ਜਿੰਨੀਆਂ ਵੀ ਵਾਰਦਾਤਾਂ ਕੀਤੀਆਂ ਹਨ, ਸਾਰਿਆਂ 'ਚ ਫਾਇਰਿੰਗ ਕੀਤੀ ਅਤੇ ਪਿੱਛੇ ਬੈਠਾ ਨੌਜਵਾਨ ਵੀ ਚੱਲਦੇ ਮੋਟਰਸਾਈਕਲ ਤੋਂ ਫਾਇਰਿੰਗ ਕਰ ਰਿਹਾ ਹੈ, ਜਿਸ ਤੋਂ ਪੁਲਸ ਇਸ ਥਿਊਰੀ 'ਤੇ ਕੰਮ ਕਰਨ ਲੱਗੀ ਕਿ ਕਿਤੇ ਪੀਟਰ ਤਾਂ ਨਹੀਂ ਹੱਤਿਆਵਾਂ ਕਰ ਰਿਹਾ।
ਪਰਿਵਾਰ ਨੂੰ ਦਿਖਾਈਆਂ ਫੋਟੋਆਂ
ਸੂਤਰਾਂ ਦੀ ਮੰਨੀਏ ਤਾਂ 9 ਸਾਲਾਂ ਤੋਂ ਲਾਪਤਾ ਪੀਟਰ ਨੂੰ ਫੜਨ ਤੋਂ ਪਹਿਲਾਂ ਪੁਲਸ ਨੇ ਨਕਾਬਪੋਸ਼ ਹੱਤਿਆਰਿਆਂ ਦੀ ਫੁਟੇਜ ਪੀਟਰ ਦੇ ਪਰਿਵਾਰ ਨੂੰ ਦਿਖਾਈ। ਇਕ ਵਾਰ ਤਾਂ ਉਹ ਵੀ ਮੰਨ ਗਏ ਕਿ ਹੱਤਿਆ ਪੀਟਰ ਕਰ ਰਿਹਾ ਹੈ, ਜਿਸ ਨੇ ਪੁਲਸ 'ਚ ਜੋਸ਼ ਭਰ ਦਿੱਤਾ ਤੇ ਪੁਲਸ ਨੇ ਉਸ ਨੂੰ ਫੜਨ ਲਈ ਕਈ ਟੀਮਾਂ ਬਣਾ ਦਿੱਤੀਆਂ।
ਬਚਣ ਲਈ ਡੇਰੇ ਦਾ ਲੈਂਦਾ ਸੀ ਸਹਾਰਾ
ਸੂਤਰਾਂ ਅਨੁਸਾਰ ਪੁਲਸ ਤੋਂ ਬਚਣ ਲਈ ਉਹ ਡੇਰੇ ਦਾ ਸਹਾਰਾ ਲੈਂਦਾ ਸੀ। ਵਾਰਦਾਤ ਤੋਂ ਬਾਅਦ ਯੂ. ਪੀ. ਰਹਿਣ ਲੱਗ ਪਿਆ ਅਤੇ ਆਪਣਾ ਹੁਲੀਆ ਬਦਲ ਲੈਂਦਾ ਤਾਂ ਕਿ ਕਿਸੇ ਨੂੰ ਵੀ ਉਸ ਦੀ ਪਛਾਣ ਨਾ ਹੋ ਸਕੇ।
