ਸਾਈਕਲ ਸਟੈਂਡ ਦੇ ਠੇਕੇਦਾਰ ਤੋਂ ਹੈਰੋਇਨ ਖਰੀਦਣ ਵਾਲਾ ਨੋਨਾ ਗ੍ਰਿਫਤਾਰ
Thursday, Oct 26, 2017 - 04:55 AM (IST)
ਜਲੰਧਰ(ਮਹੇਸ਼)-ਇਕ ਕਾਲਜ ਵਿਚ ਸਾਈਕਲ ਸਟੈਂਡ ਦਾ ਠੇਕਾ ਲੈ ਕੇ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ ਠੇਕੇਦਾਰ ਮਨਜੀਤ ਸਿੰਘ ਤੋਂ ਹੈਰੋਇਨ ਖਰੀਦਣ ਵਾਲੇ ਅਜੇ ਕੁਮਾਰ ਉਰਫ ਨੋਨਾ ਪੁੱਤਰ ਸਤਪਾਲ ਵਾਸੀ ਵਾਲਮੀਕਿ ਮੁਹੱਲਾ ਚੁਗਿੱਟੀ ਨੂੰ ਥਾਣਾ ਕੈਂਟ ਦੀ ਪੁਲਸ ਨੇ ਅੱਜ ਗ੍ਰਿਫਤਾਰ ਕਰ ਲਿਆ ਹੈ। ਐੱਸ. ਐੱਚ. ਓ. ਕੈਂਟ ਰਾਮਪਾਲ ਨੇ ਦੱਸਿਆ ਕਿ ਸਾਈਕਲ ਸਟੈਂਡ ਦੇ ਠੇਕੇਦਾਰ ਮਨਜੀਤ ਨੂੰ ਕੈਂਟ ਪੁਲਸ ਨੇ ਸੋਮਵਾਰ ਸ਼ਾਮ ਨੂੰ 2 ਗ੍ਰਾਮ ਹੈਰੋਇਨ ਅਤੇ 10 ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤਾ ਸੀ। ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਹਾਸਲ ਕੀਤੇ ਪੁਲਸ ਰਿਮਾਂਡ ਦੌਰਾਨ ਪਤਾ ਲੱਗਾ ਕਿ ਨੋਨਾ ਮਨਜੀਤ ਤੋਂ ਹੀ ਹੈਰੋਇਨ ਖਰੀਦਦਾ ਸੀ, ਜਿਸ 'ਤੇ ਐੱਸ. ਆਈ. ਸੰਜੀਵ ਕੁਮਾਰ ਨੇ ਸਮੇਤ ਪੁਲਸ ਪਾਰਟੀ ਅੱਜ ਧਮਈਆ ਪਾਰਕ ਤੋਂ ਰਾਮਾ ਮੰਡੀ ਵੱਲ ਜਾਂਦੇ ਸਮੇਂ ਭਰਤੀ ਦਫਤਰ ਨੇੜਿਓਂ ਨੋਨਾ ਨੂੰ 1 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ। ਉਹ ਸ਼ੱਕੀ ਹਾਲਤ ਵਿਚ ਖੜ੍ਹਾ ਹੋ ਕੇ ਕਿਸੇ ਗਾਹਕ ਦਾ ਇੰਤਜ਼ਾਰ ਕਰ ਰਿਹਾ ਸੀ। ਨੋਨਾ ਖਿਲਾਫ ਥਾਣਾ ਕੈਂਟ ਵਿਚ ਕੇਸ ਦਰਜ ਕਰ ਕੇ ਉਸ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ। ਠੇਕੇਦਾਰ ਨੂੰ ਅੱਜ ਜੇਲ ਭੇਜ ਦਿੱਤਾ ਗਿਆ।
