ਚੋਰੀ ਦਾ ਮੋਟਰਸਾਈਕਲ, 2 ਮੋਬਾਇਲ ਤੇ 2 ਗੈਸ ਸਿਲੰਡਰ ਬਰਾਮਦ
Thursday, Oct 05, 2017 - 11:58 PM (IST)
ਜਲਾਲਾਬਾਦ(ਸੇਤੀਆ, ਟੀਨੂੰ, ਦੀਪਕ)-ਥਾਣਾ ਸਿਟੀ ਦੀ ਪੁਲਸ ਨੇ ਚੋਰੀ ਦੇ ਮੋਟਰਸਾਈਕਲ ਤੇ ਹੋਰ ਸਾਮਾਨ ਸਮੇਤ 4 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਗੁਰਨੈਬ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਮੁਖ਼ਬਰ ਦੀ ਸੂਚਨਾ 'ਤੇ ਰੇਡ ਕਰਨ 'ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਟੀਮ ਨੂੰ ਪੁਖਤਾ ਸੂਚਨਾ ਮਿਲੀ ਸੀ ਕਿ ਬੱਬੂ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਰਹਿਮੇਸ਼ਾਹ ਬੋਦਲਾ ਥਾਣਾ ਅਮੀਰਖਾਸ, ਸੁਖਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਫਲਿਆਂਵਾਲਾ ਜਲਾਲਾਬਾਦ, ਸੰਦੀਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਅਰਾਈਆਂਵਾਲਾ ਉਰਫ ਫਲਿਆਂਵਾਲਾ ਤੇ ਸੁਖਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਚੱਕ ਅਰਾਈਆਂਵਾਲਾ ਉਰਫ ਫਲਿਆਂਵਾਲਾ ਚੋਰੀ ਦਾ ਮੋਟਰਸਾਈਕਲ ਤੇ ਹੋਰ ਸਾਮਾਨ ਲੈ ਕੇ ਜਾ ਰਹੇ ਹਨ। ਜੇਕਰ ਇਸੇ ਸਮੇਂ ਉਥੇ ਰੇਡ ਕੀਤੀ ਜਾਵੇ ਤਾਂ ਸਫਲਤਾ ਹੱਥ ਲੱਗ ਸਕਦੀ ਹੈ। ਪੁਲਸ ਨੇ ਮੁਖ਼ਬਰ ਦੁਆਰਾ ਦੱਸੀ ਜਗ੍ਹਾ ਅਨੁਸਾਰ ਰੇਲਵੇ ਫਾਟਕ ਬੱਲੂਆਨਾ ਕੋਲ 4 ਅਕਤੂਬਰ ਦੁਪਹਿਰ 2.15 ਵਜੇ ਰੇਡ ਕਰ ਕੇ ਉਕਤ ਦੋਸ਼ੀਆਂ ਤੋਂ 1 ਚੋਰੀ ਦਾ ਮੋਟਰਸਾਈਕਲ, 2 ਮੋਬਾਇਲ ਫੋਨ ਤੇ 2 ਗੈਸ ਸਿਲੰਡਰ ਬਰਾਮਦ ਕੀਤੇ, ਜਿਨ੍ਹਾਂ ਦੀ ਕੀਮਤ 70 ਹਜ਼ਾਰ ਰੁਪਏ ਬਣਦੀ ਹੈ। ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
