ਸਾਦੀ ਵਰਦੀਧਾਰਕ ਪੁਲਸ ਕਰਮਚਾਰੀਆਂ ਚੁੱਕਿਆ ਪੱਤਰਕਾਰ

Wednesday, Oct 04, 2017 - 02:32 AM (IST)

ਸਾਦੀ ਵਰਦੀਧਾਰਕ ਪੁਲਸ ਕਰਮਚਾਰੀਆਂ ਚੁੱਕਿਆ ਪੱਤਰਕਾਰ

ਸੰਗਤ ਮੰਡੀ(ਮਨਜੀਤ)-ਸਥਾਨਕ ਮੰਡੀ ਦੇ ਪੱਤਰਕਾਰਾਂ ਦੀ ਇਕ ਜ਼ਰੂਰੀ ਮੀਟਿੰਗ ਗੈਸ ਏਜੰਸੀ 'ਚ ਹੋਈ। ਮੀਟਿੰਗ ਤੋਂ ਬਾਅਦ ਜਦ ਪੱਤਰਕਾਰ ਆਪੋ-ਆਪਣੇ ਘਰਾਂ ਨੂੰ ਜਾਣ ਲੱਗੇ ਤਾਂ ਕਾਰ ਸਵਾਰ ਚਾਰ ਪੁਲਸ ਮੁਲਾਜ਼ਮਾਂ ਵਲੋਂ ਇਕ ਪੱਤਰਕਾਰ ਨੂੰ ਸੰਗਤ ਮੰਡੀ ਦੇ ਬਾਜ਼ਾਰ 'ਚੋਂ ਚੁੱਕ ਲਿਆ ਗਿਆ, ਜਦ ਇਸ ਗੱਲ ਦਾ ਪਤਾ ਪੱਤਰਕਾਰਾਂ ਨੂੰ ਲੱਗਿਆ ਤਾਂ ਉਹ ਤੁਰੰਤ ਥਾਣੇ ਪਹੁੰਚੇ ਤਦ ਤੱਕ ਪੁਲਸ ਵਲੋਂ ਉਕਤ ਪੱਤਰਕਾਰ 'ਤੇ ਡੇਰਾ ਮਾਮਲੇ ਦੇ ਸਬੰਧ 'ਚ ਉਸ ਦੀ ਗ੍ਰਿਫ਼ਤਾਰੀ ਵੀ ਪਾ ਦਿੱਤੀ ਗਈ। ਥਾਣਾ ਮੁਖੀ ਦੇ ਰੀਡਰ ਨੇ ਦੱਸਿਆ ਕਿ ਉਕਤ ਪੱਤਰਕਾਰ ਨੂੰ 25 ਅਗਸਤ ਵਾਲੇ ਦਿਨ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਿੰਡ ਬਾਂਡੀ 'ਚ ਸੁਵਿਧਾ ਕੇਂਦਰ ਦੀ ਹੋਈ ਭੰਨ-ਤੋੜ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਉਕਤ ਪੱਤਰਕਾਰ ਦਾ ਕਹਿਣਾ ਹੈ ਕਿ ਉਹ ਡੇਰਾ ਪ੍ਰੇਮੀ ਜ਼ਰੂਰ ਹੈ ਪਰ ਭੰਨ-ਤੋੜ ਦੇ ਕਿਸੇ ਵੀ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਸਗੋਂ 25 ਅਗਸਤ ਵਾਲੇ ਦਿਨ ਤਾਂ ਉਹ ਸਾਰਾ ਦਿਨ ਥਾਣਾ ਮੁਖੀ ਦੇ ਨਾਲ ਜੱਸੀ ਬਾਗਵਾਲੀ ਦੇ ਨਾਮ ਚਰਚਾ ਘਰ 'ਚ ਮੌਜੂਦ ਸੀ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਦੇ ਕਹਿਣ 'ਤੇ ਹੀ ਪੁਲਸ ਵਲੋਂ ਉਸ ਵਿਰੁੱਧ ਝੂਠੀ ਕਾਰਵਾਈ ਕਰਦਿਆਂ ਉਸ ਨੂੰ ਜਾਣਬੁੱਝ ਕੇ ਝੂਠੇ ਮਾਮਲੇ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦ ਇਸ ਸਬੰਧੀ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਕਤ ਪੱਤਰਕਾਰ ਦੀ ਪਿੰਡ ਬਾਂਡੀ ਵਾਲੇ ਪੁਰਾਣੇ ਮੁਕੱਦਮੇ 'ਚ ਗ੍ਰਿਫ਼ਤਾਰੀ ਪਾਈ ਗਈ ਹੈ, ਜਦ ਉਨ੍ਹਾਂ ਤੋਂ 25 ਅਗਸਤ ਵਾਲੇ ਦਿਨ ਨਾਮ ਚਰਚਾ ਘਰ 'ਚ ਪੁਲਸ ਦੇ ਨਾਲ ਹੋਣ ਦੀ ਗੱਲ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਬੇਸ਼ੱਕ ਉਹ 25 ਅਗਸਤ ਵਾਲੇ ਦਿਨ ਪੁਲਸ ਦੇ ਨਾਲ ਸੀ ਪਰ ਉਨ੍ਹਾਂ 'ਤੇ 120 ਬੀ ਧਾਰਾ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸ ਤਹਿਤ ਖੁਦ ਵਿਅਕਤੀ ਜੁਰਮ ਨਹੀਂ ਕਰਦਾ ਪਰ ਜੁਰਮ 'ਚ ਉਸ ਦੀ ਸਾਜ਼ਿਸ਼ ਹੁੰਦੀ ਹੈ।


Related News