ਪੁਲਸ ਨੇ ਨਸ਼ੀਲੇ ਪਦਾਰਥਾਂ ਸਣੇ ਕਈਆਂ ਨੂੰ ਕੀਤਾ ਗ੍ਰਿਫਤਾਰ
Wednesday, Oct 04, 2017 - 01:27 AM (IST)
ਫਿਰੋਜ਼ਪੁਰ(ਕੁਮਾਰ, ਗੁਲਾਟੀ, ਹੈਪੀ, ਦਲਜੀਤ)—ਫਿਰੋਜ਼ਪੁਰ ਦੇ ਬੱਸ ਅੱਡੇ ਤੇ ਕਸਬਾ ਮੁੱਦਕੀ ਦੇ ਏਰੀਆ ਵਿਚ ਪੁਲਸ ਨੇ ਹੈਰੋਇਨ ਤੇ ਚੂਰਾ-ਪੋਸਤ ਸਣੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਰਕੋਟਿਕਸ ਸੈੱਲ ਫਿਰੋਜ਼ਪੁਰ ਦੇ ਏ. ਐੱਸ. ਆਈ. ਇੰਦਰਜੀਤ ਸਿੰਘ ਨੇ ਦੱਸਿਆ ਕਿ ਸ਼ੱਕ ਦੇ ਆਧਾਰ 'ਤੇ ਪੁਲਸ ਨੇ ਗੁਰਪ੍ਰੀਤ ਸਿੰਘ ਉਰਫ ਕਾਲਾ ਨੂੰ ਕਾਬੂ ਕਰ ਕੇ ਜਦ ਉਸਦੀ ਤਲਾਸ਼ੀ ਲਈ ਤਾਂ ਉਸਦੇ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਦੂਜੇ ਪਾਸੇ ਏ. ਐੱਸ. ਆਈ. ਸੁਖਦਰਸ਼ਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਦੁਪਹਿਰ ਪੁਲਸ ਨੇ ਬੌਬੀ ਸਿੰਘ ਵਾਸੀ ਮੰਗੇ ਵਾਲਾ ਨੂੰ 20 ਕਿਲੋ ਚੂਰਾ-ਪੋਸਤ ਸਣੇ ਗ੍ਰਿਫਤਾਰ ਕੀਤਾ ਹੈ। ਪੁਲਸ ਵੱਲੋਂ ਫੜੇ ਗਏ ਵਿਅਕਤੀਆਂ ਦੇ ਖਿਲਾਫ ਥਾਣਾ ਘੱਲ ਖੁਰਦ 'ਚ ਮੁਕੱਦਮੇ ਦਰਜ ਕੀਤੇ ਗਏ ਹਨ।
ਇਸੇ ਤਰ੍ਹਾਂ ਪਿੰਡ ਸੋਢੀਨਗਰ, ਖੂਹ ਮੋਹਰ ਸਿੰਘ ਵਾਲਾ ਅਤੇ ਰੇਲਵੇ ਪੁਲ ਦੇ ਕੋਲ 227 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਅਤੇ ਪੁਲਸ ਵੱਲੋਂ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ 2 ਵਿਅਕਤੀ ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਫਿਰੋਜ਼ਪੁਰ ਦੇ ਐੱਚ. ਸੀ. ਬਲਵੀਰ ਸਿੰਘ ਅਤੇ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸਵਾ 25 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਪਰਮਜੀਤ ਕੌਰ ਅਤੇ ਉਸਦੇ ਪਤੀ ਪੱਪੂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇਕ ਸਕੂਟਰੀ ਸਮੇਤ 2 ਬੋਤਲਾਂ ਫਾਈਨ ਦਰਬਾਰੀ ਸ਼ਰਾਬ ਬਰਾਮਦ ਕਰ ਕੇ ਅਣਪਛਾਤੇ ਠੇਕੇ ਦੇ ਕਰਿੰਦੇ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ।ਏ. ਐੱਸ. ਆਈ. ਜੋਰਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਘੱਲ ਖੁਰਦ ਦੀ ਪੁਲਸ ਨੇ 200 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਗੁਰਜੀਤ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਫਾਜ਼ਿਲਕਾ ਜ਼ਿਲੇ ਦੇ ਤਹਿਤ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਪਾਕਾਂ ਦੇ ਨੇੜੇ ਇਕ ਔਰਤ ਨੂੰ 8900 ਨਸ਼ੀਲੀਆਂ ਗੋਲੀਆਂ ਅਤੇ 2 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਲੇਖ ਰਾਜ 2 ਅਕਤੂਬਰ 2017 ਨੂੰ ਸ਼ਾਮ ਲਗਭਗ 5.30 ਵਜੇ ਜਦੋਂ ਪੁਲਸ ਪਾਰਟੀ ਲਾਲ ਗਸ਼ਤ ਕਰ ਰਹੇ ਸਨ ਤਾਂ ਪਿੰਡ ਪਾਕਾਂ ਦੇ ਨੇੜੇ ਮਨਜੀਤ ਕੌਰ ਵਾਸੀ ਪਿੰਡ ਪਾਕਾਂ ਤੋਂ 8900 ਨਸ਼ੀਲੀਆਂ ਗੋਲੀਆਂ ਅਤੇ 2 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਉਕਤ ਔਰਤ ਨੂੰ ਗ੍ਰਿਫ਼ਤਾਰ ਕਰ ਕੇ ਉਸਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਫਾਜ਼ਿਲਕਾ ਜ਼ਿਲੇ ਦੇ ਤਹਿਤ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਕੰਧ ਵਾਲਾ ਹਾਜ਼ਰ ਖਾਂ ਦੇ ਨੇੜੇ ਇਕ ਵਿਅਕਤੀ ਨੂੰ 24 ਬੋਤਲਾਂ ਠੇਕਾ ਸ਼ਰਾਬ ਮੋਟਾ ਸੰਤਰਾ ਸਣੇ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐੱਚ. ਸੀ. ਮਲਕੀਤ ਸਿੰਘ 2 ਅਕਤੂਬਰ 2017 ਨੂੰ ਰਾਤ ਲਗਭਗ 9.30 ਵਜੇ ਜਦੋਂ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸਨ ਤਾਂ ਪਿੰਡ ਕੰਧ ਵਾਲਾ ਹਾਜ਼ਰ ਖਾਂ ਦੇ ਨੇੜੇ ਰਮਨ ਕੁਮਾਰ ਵਾਸੀ ਪਿੰਡ ਕੁਹਾੜਿਆਂ ਵਾਲੀ ਤੋਂ ਉਕਤ ਸ਼ਰਾਬ ਦੀਆਂ ਬੋਤਲਾਂ ਬਰਾਮਦ ਕਰ ਲਈਆਂ। ਪੁਲਸ ਨੇ ਉਕਤ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
