ਪੈਸਿਆਂ ਨੂੰ ਲੈ ਕੇ ਇਨਸਾਨ ਤੋਂ ਹੈਵਾਨ ਬਣੇ ਫੈਕਟਰੀ ਮਾਲਕ ਦੋਵੇਂ ਭਰਾ ਗ੍ਰਿਫਤਾਰ

Wednesday, Sep 20, 2017 - 03:11 AM (IST)

ਪੈਸਿਆਂ ਨੂੰ ਲੈ ਕੇ ਇਨਸਾਨ ਤੋਂ ਹੈਵਾਨ ਬਣੇ ਫੈਕਟਰੀ ਮਾਲਕ ਦੋਵੇਂ ਭਰਾ ਗ੍ਰਿਫਤਾਰ

ਲੁਧਿਆਣਾ(ਪੰਕਜ)-ਨੋਟਬੰਦੀ ਦੌਰਾਨ ਦਿੱਤੀ ਰਕਮ ਵਸੂਲਣ ਲਈ ਬਜ਼ੁਰਗ ਮਾਂ-ਬਾਪ ਦੇ ਇਕਲੌਤੇ ਬੇਟੇ ਦਾ ਨਾਜਾਇਜ਼ ਹਿਰਾਸਤ ਵਿਚ ਰੱਖ ਕੇ ਬੇਦਰਦੀ ਨਾਲ ਕਤਲ ਕਰਨ ਵਾਲੇ ਫੈਕਟਰੀ ਮਾਲਕ ਦੋ ਭਰਾਵਾਂ ਦੀ ਗ੍ਰਿਫਤਾਰੀ ਉਪਰੰਤ ਪਰਿਵਾਰ ਵਾਲਿਆਂ ਨੇ ਮ੍ਰਿਤਕ ਹਰੀਸ਼ ਦਾ ਮੰਗਲਵਾਰ ਸਵੇਰੇ ਸਸਕਾਰ ਕਰ ਦਿੱਤਾ। ਫੋਕਲ ਪੁਆਇੰਟ ਫੇਸ-8 ਸਥਿਤ ਪਲਾਸਟਿਕ ਦੀਆਂ ਕੁਰਸੀਆਂ ਬਣਾਉਣ ਵਾਲੀ ਫੈਕਟਰੀ ਲਇਮੀ ਟ੍ਰੇਡਰਜ਼ ਦੇ ਮਾਲਕ ਦੋਵਾਂ ਭਰਾਵਾਂ ਸੰਦੀਪ ਜੈਨ ਅਤੇ ਪ੍ਰਦੀਪ ਜੈਨ ਖਿਲਾਫ ਅਗਵਾ ਅਤੇ ਕਤਲ ਦਾ ਪਰਚਾ ਦਰਜ ਕਰ ਕੇ ਪੁਲਸ ਨੇ ਦੋਵੇਂ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੰਗਲਵਾਰ ਨੂੰ ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਲੈ ਕੇ ਉਨ੍ਹਾਂ ਦੇ ਬਾਕੀ ਸਾਥੀਆਂ ਦੀ ਪਛਾਣ ਸਬੰਧੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਹੋਈ ਪੁੱਛਗਿੱਛ ਵਿਚ ਦੋਸ਼ੀਆਂ ਨੇ ਕਬੂਲ ਕੀਤਾ ਕਿ ਹਰੀਸ਼ ਤੋਂ ਪੈਸੇ ਵਾਪਸ ਲੈਣ ਲਈ ਪਹਿਲਾਂ ਉਸ ਦੇ ਬਜ਼ੁਰਗ ਮਾਂ-ਬਾਪ ਨੂੰ ਨਾਜਾਇਜ਼ ਹਿਰਾਸਤ ਵਿਚ ਕਈ ਦਿਨ ਰੱਖਿਆ। ਉਸ ਤੋਂ ਬਾਅਦ ਉਹ ਹਰੀਸ਼ ਨੂੰ ਫੈਕਟਰੀ ਵਿਚ ਲੈ ਆਏ ਅਤੇ ਉਸ ਦੇ ਮਾਤਾ-ਪਿਤਾ ਨੂੰ ਛੱਡ ਦਿੱਤਾ। ਦੋਵੇਂ ਭਰਾਵਾਂ ਨੇ ਜਿਥੇ ਹੁਣ ਤੱਕ ਇਕ ਸਾਥੀ ਰੋਮੀ ਦੇ ਨਾਂ ਦਾ ਪੁਲਸ ਸਾਹਮਣੇ ਜ਼ਿਕਰ ਕੀਤਾ ਹੈ, ਉਥੇ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਦਾ ਹਰੀਸ਼ ਨੂੰ ਜਾਨ ਤੋਂ ਮਾਰਨ ਦਾ ਇਰਾਦਾ ਨਹੀਂ ਸੀ ਬਲਕਿ ਉਹ ਉਸ 'ਤੇ ਦਬਾਅ ਬਣਾਉਣਾ ਚਾਹੁੰਦੇ ਸਨ ਤਾਂ ਕਿ ਬਾਕੀ ਦੀ ਰਕਮ ਵਸੂਲ ਸਕਣ। ਦੋਸ਼ੀਆਂ ਨੇ ਹਰੀਸ਼ ਨੂੰ ਕੁਰਸੀ 'ਤੇ ਬਿਠਾ ਕੇ ਸਰੀਰਕ ਅਤੇ ਮਾਨਸਿਕ ਰੂਪ ਨਾਲ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦੋਸ਼ੀਆਂ ਨੇ ਹਰੀਸ਼ ਨੂੰ ਥੱਪੜ ਮਾਰਨ ਤੋਂ ਇਲਾਵਾ ਡੰਡੇ ਨਾਲ ਵੀ ਕੁੱਟਿਆ। ਇਸੇ ਦਹਿਸ਼ਤ 'ਚ ਹਰੀਸ਼ ਦੀ ਮੌਤ ਹੋ ਗਈ। ਸੋਮਵਾਰ ਨੂੰ ਸਿਆਸੀ ਦਖਲ-ਅੰਦਾਜ਼ੀ ਕਾਰਨ ਬਣੇ ਨਾਟਕੀ ਘਟਨਾਕ੍ਰਮ ਵਿਚ ਮੁਹੱਲੇ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦਾ ਸਸਕਾਰ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ ਸੀ। ਨਾਲ ਹੀ ਮੰਗਲਵਾਰ ਸਵੇਰ ਜਦੋਂ ਪੁਲਸ ਨੇ ਪਰਿਵਾਰ ਨੂੰ ਦੱਸਿਆ ਕਿ ਦੋਵੇਂ ਭਰਾਵਾਂ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਹੈ ਅਤੇ ਪੁਲਸ ਤੀਜੇ ਨਾਮਜ਼ਦ ਦੋਸ਼ੀ ਰੋਮੀ ਅਤੇ ਹੋਰਨਾਂ ਸਾਥੀਆਂ ਦੀ ਭਾਲ 'ਚ ਜੁਟ ਗਈ ਹੈ ਤਾਂ ਪਰਿਵਾਰ ਸਸਕਾਰ ਕਰਨ ਲਈ ਤਿਆਰ ਹੋਇਆ।


Related News