ਟੈਲੀਫੋਨ ਐਕਸਚੇਂਜ ਨੂੰ ਅੱਗ ਲਾਉਣ ਵਾਲੇ 7 ਡੇਰਾ ਪ੍ਰੇਮੀ ਗ੍ਰਿਫਤਾਰ
Friday, Sep 01, 2017 - 04:50 AM (IST)

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਪੰਚਕੂਲਾ ਦੀ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ 25 ਅਗਸਤ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਡੇਰਾ ਪ੍ਰੇਮੀਆਂ ਨੇ ਪਿੰਡ ਚੰਨਣਵਾਲ ਵਿਖੇ ਟੈਲੀਫੋਨ ਐਕਸਚੇਂਜ ਨੂੰ ਅੱਗ ਲਾ ਦਿੱਤੀ ਸੀ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸੀ। ਅੱਜ ਥਾਣਾ ਟੱਲੇਵਾਲ ਦੇ ਮੁਖੀ ਕਮਲਜੀਤ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੈਲੀਫੋਨ ਐਕਸਚੇਂਜ ਵਿਚ ਡਿਊਟੀ 'ਤੇ ਤਾਇਨਾਤ ਹਰਸੀਲ ਰਾਮ ਪੁੱਤਰ ਜਸਰਾਜ ਵਾਸੀ ਜ਼ਿਲਾ ਕਾਂਗੜਾ (ਹਿਮਾਚਲ ਪ੍ਰਦੇਸ਼ ) ਨੇ ਬਿਆਨ ਦਰਜ ਕਰਵਾਇਆ ਸੀ ਕਿ ਕੁਝ ਵਿਅਕਤੀਆਂ ਨੇ ਟੈਲੀਫੋਨ ਐਕਸਚੇਂਜ ਵਿਚ 1 ਲੱਖ 43 ਹਜ਼ਾਰ ਰੁਪਏ ਦੇ ਕਰੀਬ ਸਾਮਾਨ ਪੈਟਰੋਲ ਨਾਲ ਫੂਕ ਦਿੱਤਾ ਅਤੇ ਬਿਲਡਿੰਗ ਦਾ ਅਸਟੀਮੇਟ ਲਾਇਆ ਜਾ ਰਿਹਾ ਕਿ ਕਿੰਨਾ ਨੁਕਸਾਨ ਹੋ ਗਿਆ। ਪੁਲਸ ਨੇ ਇਸ ਮਸਲੇ ਦੀ ਡੂੰਘਾਈ ਨਾਲ ਜਾਂਚ ਕਰਨ 'ਤੇ ਬਲਵਿੰਦਰ ਸਿੰਘ ਬਿੱਟੂ ਤੇ ਉਸਦੇ ਸਾਥੀ ਜਸਪ੍ਰੀਤ ਸਨੀ ਪੁੱਤਰ ਬਲਵੀਰ ਸਿੰਘ ਵਾਸੀ ਟੱਲੇਵਾਲ, ਸਾਧੂ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬੀਹਲਾ, ਧਰਮਪਾਲ ਧਰਮਾ ਪੁੱਤਰ ਸਾਧੂ ਸਿੰਘ ਵਾਸੀ ਬੀਹਲਾ, ਰਣਜੀਤ ਸਿੰਘ ਉਰਫ ਸਤਿਨਾਮ ਪੁੱਤਰ ਗੁਰਦਿਆਲ ਸਿੰਘ ਵਾਸੀ ਛੀਨੀਵਾਲ ਕਲਾਂ, ਕਾਕਾ ਸਿੰਘ ਵਾਸੀ ਨਰੈਣਗੜ੍ਹ ਸੋਹੀਆਂ, ਚੇਤਨ ਸਿੰਘ ਪੁੱਤਰ ਕੌਰ ਸਿੰਘ ਵਾਸੀ ਸੱਦੋਵਾਲ ਨੂੰ ਪੁਲਸ ਨੇ ਕਾਬੂ ਕਰ ਲਿਆ ਜਦੋਂਕਿ ਹਰ ਪ੍ਰਕਾਸ਼ ਸਿੰਘ ਭੋਲਾ ਵਾਸੀ ਗਹਿਲਾਂ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵਿਰੁੱਧ ਥਾਣਾ ਟੱਲੇਵਾਲ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਕਾਬੂ ਕੀਤੇ ਡੇਰਾ ਪ੍ਰੇਮੀਆਂ ਦੇ ਫੋਨ ਵੀ ਟਰੇਸ ਕੀਤੇ ਜਾ ਰਹੇ ਹਨ। ਇਸ ਮੌਕੇ ਮਲਕੀਤ ਸਿੰਘ ਏ.ਐੱਸ.ਆਈ., ਮੁੱਖ ਮੁਨਸ਼ੀ ਯਾਦਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੁਲਾਜ਼ਮ ਹਾਜ਼ਰ ਸਨ।