ਬੱਲੂਆਣਾ ਰੇਲਵੇ ਸਟੇਸ਼ਨ ਤੇ ਸ਼ੇਰਗੜ੍ਹ ਅਗਨੀਕਾਂਡ ਦੇ ਦੋਸ਼ੀ ਭੇਜੇ ਜੇਲ, ਇਕ ਰਿਮਾਂਡ ''ਤੇ
Thursday, Aug 31, 2017 - 02:07 AM (IST)

ਬਠਿੰਡਾ(ਵਰਮਾ)-ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਡੇਰਾ ਸਮਰਥਕਾਂ ਵੱਲੋਂ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਦੇ ਮੱਦੇਨਜ਼ਰ ਬੱਲੂਆਣਾ ਰੇਲਵੇ ਸਟੇਸ਼ਨ ਤੇ ਸ਼ੇਰਗੜ੍ਹ ਅਗਨੀਕਾਂਡ ਦੇ ਦੋਸ਼ 'ਚ ਗ੍ਰਿਫਤਾਰ 5 ਡੇਰਾ ਪ੍ਰੇਮੀਆਂ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਮਾਣਯੋਗ ਜੱਜ ਸਾਹਿਬ ਨੇ ਦਲੀਲਾਂ ਸੁਣਨ ਤੋਂ ਬਾਅਦ 4 ਦੋਸ਼ੀਆਂ ਨੂੰ 14 ਦਿਨਾਂ ਦੀ ਹਿਰਾਸਤ 'ਚ ਜੇਲ ਭੇਜ ਦਿੱਤਾ ਜਦਕਿ ਇਕ ਮੁੱਖ ਦੋਸ਼ੀ ਨੂੰ 2 ਦਿਨ ਦੇ ਰਿਮਾਂਡ 'ਤੇ ਪੁਲਸ ਨੂੰ ਸੌਂਪ ਦਿੱਤਾ। ਥਾਣਾ ਥਰਮਲ ਪੁਲਸ ਨੇ ਬੁੱਧਵਾਰ ਨੂੰ ਹਿੰਸਾ ਫੈਲਾਉਣ ਦੇ ਦੋਸ਼ 'ਚ ਤੇ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ 27 ਅਗਸਤ ਨੂੰ ਵੱਖ-ਵੱਖ ਥਾਵਾਂ ਤੋਂ 5 ਡੇਰਾ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੋਸ਼ੀਆਂ ਨੂੰ ਪੁੱਛਗਿੱਛ ਲਈ ਸੀ. ਆਈ. ਏ. 1 ਮੁਖੀ ਰਜਿੰਦਰ ਕੁਮਾਰ ਨੂੰ ਸੌਂਪ ਦਿੱਤਾ ਸੀ ਤੇ ਥਰਮਲ ਪੁਲਸ ਨੇ ਇਨ੍ਹਾਂ 'ਤੇ ਮਾਮਲਾ ਦਰਜ ਕਰ ਲਿਆ। ਗ੍ਰਿਫਤਾਰ ਦੋਸ਼ੀ ਬਲਜਿੰਦਰ ਸਿੰਘ ਵਾਸੀ ਬਾਂਡੀ, ਪਿਆਰਾ ਸਿੰਘ, ਹਰਜਿੰਦਰ ਸਿੰਘ, ਰਣਜੀਤ ਸਿੰਘ ਵਾਸੀ ਜੀਵਨ ਸਿੰਘ ਵਾਲਾ, ਜਸਵੰਤ ਸਿੰਘ ਸ਼ਾਂਤ ਨਗਰ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁੱਖ ਦੋਸ਼ੀ ਪਿਆਰਾ ਸਿੰਘ ਵਾਸੀ ਜੀਵਨ ਸਿੰਘ ਵਾਲਾ ਨੂੰ ਸਰਕਾਰੀ ਵਕੀਲਾਂ ਦੀਆਂ ਦਲੀਲਾਂ 'ਤੇ ਸਹਿਮਤੀ ਜ਼ਾਹਿਰ ਕਰਦਿਆਂ ਉਸ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਜਦਕਿ ਹੋਰਾਂ ਨੂੰ 14 ਦਿਨਾਂ ਦੀ ਹਿਰਾਸਤ 'ਚ ਭੇਜ ਦਿੱਤਾ। ਸੀ. ਆਈ. ਏ. ਮੁਖੀ ਨੇ ਦੱਸਿਆ ਕਿ ਸਾਰੇ ਦੋਸ਼ੀ ਬੱਲੂਆਣਾ, ਸ਼ੇਰਗੜ੍ਹ 'ਤੇ ਜੀਵਨ ਸਿੰਘ ਵਾਲਾ 'ਚ ਸਰਕਾਰੀ ਸੰਪੱਤੀ ਨੂੰ ਅੱਗ ਹਵਾਲੇ ਕਰਨ 'ਚ ਸ਼ਾਮਲ ਸਨ। ਰਿਮਾਂਡ 'ਤੇ ਲਏ ਗਏ ਦੋਸ਼ੀ ਤੋਂ ਕਈ ਰਾਜ਼ ਉਗਲਵਾਏ ਜਾਣਗੇ, ਜਿਸ ਨਾਲ ਪੁਲਸ ਨੂੰ ਅਹਿਮ ਸੁਰਾਗਾਂ ਦੀ ਜਾਣਕਾਰੀ ਮਿਲੇਗੀ।