ਕੱਪੜਾ ਵਪਾਰੀ ਗੋਲੀ ਕਾਂਡ ''ਚ 5 ਮੁਲਜ਼ਮ ਗ੍ਰਿਫ਼ਤਾਰ
Friday, Jul 07, 2017 - 03:13 AM (IST)
ਬਠਿੰਡਾ(ਸੁਖਵਿੰਦਰ)-ਬੀਤੇ ਦਿਨੀਂ ਪੁਰਾਣੀ ਰੰਜਿਸ਼ ਦੇ ਕਾਰਨ ਇਕ ਕੱਪੜਾ ਵਪਾਰੀ ਨੂੰ ਗੋਲੀ ਮਾਰਨ ਵਾਲੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਉਨ੍ਹਾਂ ਪਾਸੋਂ 12 ਬੋਰ ਦਾ ਇਕ ਪਿਸਤੌਲ, ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ, ਜਦਕਿ ਪੁਲਸ ਵੱਲੋਂ ਉਕਤ ਵਿਅਕਤੀ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਕੀ ਸੀ ਮਾਮਲਾ
ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਦਵਿੰਦਰ ਸਿੰਘ ਨੇ ਦੱਸਿਆ ਕਿ ਹਾਜੀਰਤਨ ਵਾਸੀ ਮੁਹੰਮਦ ਅਸ਼ਰਫ਼ ਦੀਪ ਨਗਰ ਵਿਚ ਕੱਪੜੇ ਦੀ ਦੁਕਾਨ ਕਰਦਾ ਹੈ। ਉਕਤ ਵਿਅਕਤੀ ਨੇ ਕੁਝ ਲੋਕਾਂ ਖਿਲਾਫ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਦਰਜ ਕਰਵਾਇਆ ਹੋਇਆ ਸੀ, ਜਿਨ੍ਹਾਂ ਨੇ ਉਸ ਦੇ ਭਰਾ ਦੀ ਕੁੱਟਮਾਰ ਕੀਤੀ ਸੀ। ਬੀਤੀ 3 ਜੁਲਾਈ ਸ਼ਾਮ ਨੂੰ ਜਦੋਂ ਉਹ ਆਪਣੀ ਦੁਕਾਨ ਬੰਦ ਕਰ ਕੇ ਘਰ ਜਾ ਰਿਹਾ ਸੀ ਤਾਂ ਹਾਜੀਰਤਨ ਰੋਡ 'ਤੇ ਘਰ ਨਜ਼ਦੀਕ ਪਹੁੰਚਣ 'ਤੇ ਹਰਕਮਲ ਸਿੰਘ, ਨੀਰਜ ਸ਼ਰਮਾ, ਰਾਹੁਲ ਜੈਨ, ਵਿਪਨ, ਸੁਖਵੀਰ ਸਿੰਘ ਵਾਸੀ ਬਠਿੰਡਾ ਨੇ ਅਸ਼ਰਫ਼ ਨੂੰ ਘੇਰ ਲਿਆ। ਇਸ ਤੋਂ ਬਾਅਦ ਅਸ਼ਰਫ਼ 'ਤੇ ਉਨ੍ਹਾਂ ਵਿਰੁੱਧ ਦਰਜ ਮਾਮਲੇ 'ਚ ਰਾਜ਼ੀਨਾਮਾ ਕਰਨ ਲਈ ਦਬਾਅ ਬਣਾਇਆ ਗਿਆ। ਜਦੋਂ ਅਸ਼ਰਫ਼ ਨੇ ਰਾਜ਼ੀਨਾਮੇ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ ਵਿਚ ਆ ਕੇ ਮੁਲਜ਼ਮਾਂ ਨੇ ਉਸ ਦੇ ਪੱਟ 'ਚ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ।
ਸੋਸ਼ਲ ਮੀਡੀਆ ਤੇ ਪੁਲਸ ਨੂੰ ਕੀਤਾ ਸੀ ਚੈਲੰਜ
ਮੁਲਜ਼ਮਾਂ ਵੱਲੋਂ ਕੱਪੜਾ ਵਪਾਰੀ ਨੂੰ ਗੋਲੀ ਮਾਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੁਲਸ ਨੂੰ ਚੈਲੰਜ ਵੀ ਕੀਤਾ ਗਿਆ ਸੀ ਕਿ ਉਕਤ ਵਾਰਦਾਤ ਤਾਂ ਸਿਰਫ਼ ਇਕ ਟ੍ਰੇਲਰ ਹੀ ਹੈ। ਸੋਸ਼ਲ ਮੀਡੀਆ ਤੇ ਪੁਲਸ ਨੂੰ ਮਿਲੇ ਚੈਲੰਜ ਤੋਂ ਬਾਅਦ ਪੁਲਸ ਵੱਲੋਂ ਸਿਵਲ ਹਸਪਤਾਲ 'ਚ ਦਾਖਲ ਕੱਪੜਾ ਵਪਾਰੀ 'ਤੇ ਕੁਝ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਪੁਲਸ ਵੱਲੋਂ ਲਗਭਗ 24 ਘੰਟਿਆਂ ਅੰਦਰ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜ਼ਮਾਨਤ 'ਤੇ ਬਾਹਰ ਆਇਆ ਮੁੱਖ ਦੋਸ਼ੀ
ਲਗਭਗ 2 ਸਾਲ ਪਹਿਲਾਂ ਹਰਕਮਲ ਦਾ ਮੁਹੰਮਦ ਅਸ਼ਰਫ਼ ਅਤੇ ਉਸ ਦੇ ਭਰਾ ਨਾਲ ਝਗੜਾ ਹੋ ਗਿਆ ਸੀ। ਇਸੇ ਸਾਲ ਰੰਜਿਸ਼ ਤਹਿਤ ਹਰਕਮਲ ਅਤੇ ਸਾਥੀਆਂ ਨੇ ਅਸ਼ਰਫ ਦੇ ਭਰਾ 'ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ। ਇਸ 'ਤੇ ਅਸ਼ਰਫ ਵੱਲੋਂ ਉਸ ਦੇ ਅਤੇ ਉਸ ਦੇ ਕੁਝ ਸਾਥੀਆਂ ਖਿਲਾਫ ਪੁਲਸ ਕੇਸ ਦਰਜ ਕਰਵਾ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਹੀ ਉਹ ਜੇਲ 'ਚ ਬੰਦ ਸੀ ਅਤੇ ਬੀਤੇ ਦਿਨੀਂ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ। ਬਾਹਰ ਆਉਂਦਿਆਂ ਹੀ ਉਸ ਨੇ ਫਿਰ ਤੋਂ ਅਸ਼ਰਫ ਤੋਂ ਬਦਲਾ ਲੈਣ ਦੀ ਯੋਜਨਾ ਬਣਾਈ ਅਤੇ 3 ਜੁਲਾਈ ਨੂੰ ਅਸ਼ਰਫ ਨੂੰ ਘੇਰ ਕੇ ਉਕਤ ਘਟਨਾ ਨੂੰ ਅੰਜਾਮ ਦਿੱਤਾ।
