ਚੋਰੀ ਦੀ ਕਾਰ ਵੇਚਣ ਜਾਂਦੇ 2 ਕਾਬੂ

Sunday, Jun 11, 2017 - 01:53 AM (IST)

ਚੋਰੀ ਦੀ ਕਾਰ ਵੇਚਣ ਜਾਂਦੇ 2 ਕਾਬੂ

ਬਠਿੰਡਾ(ਸੁਖਵਿੰਦਰ)-ਸੀ. ਆਈ. ਏ. ਸਟਾਫ਼ ਵਲੋਂ ਬਠਿੰਡਾ ਦੇ ਇਕ ਵਪਾਰੀ ਦੀ ਚੋਰੀ ਕੀਤੀ ਕਾਰ ਨੂੰ ਵੇਚਣ ਜਾਂਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 3 ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ ਪ੍ਰੰਤੂ 1 ਮੁਲਜ਼ਮ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ ਬੀਤੇ ਦਿਨੀਂ 1 ਜੂਨ ਨੂੰ ਕੈਮੀਕਲ ਇੰਡਸਟਰੀ ਦੇ ਮਾਲਕ ਸੁਰਿੰਦਰ ਸਿੰਘ ਬਠਿੰਡਾ ਦੀ ਗਰੋਥ ਸੈਂਟਰ ਦੇ ਬਾਹਰੋਂ 14 ਲੱਖ ਕੀਮਤ ਦੀ ਕਾਰ ਚੋਰੀ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਵਲੋਂ ਕਾਰ ਚੋਰੀ ਹੋਣ ਦੀ ਸ਼ਿਕਾਇਤ ਥਾਣਾ ਕੋਟਫੱਤਾ ਪੁਲਸ ਨੂੰ ਦਿੱਤੀ ਗਈ ਸੀ ਪਰ ਕਾਰ ਨਾ ਮਿਲਣ 'ਤੇ ਕੇਸ ਨੂੰ ਸੀ. ਆਈ. ਏ.-1 ਦੇ ਹਵਾਲੇ ਕੀਤਾ ਗਿਆ। ਸ਼ਨੀਵਾਰ ਨੂੰ ਸੀ. ਆਈ. ਏ. ਵਲੋਂ ਨਾਕੇਬੰਦੀ ਦੌਰਾਨ ਪਿੰਡ ਜੋਧਪੁਰ ਤੋਂ ਗੁਪਤ ਸੂਚਨਾ ਦੇ ਆਧਾਰ 'ਤੇ ਕਾਰ ਚੋਰ ਕੁਲਦੀਪ ਸਿੰਘ ਅਤੇ ਰਣਜੀਤ ਸਿੰਘ ਗ੍ਰਿਫਤਾਰ ਕਰਕੇ ਕਾਰ ਨੂੰ ਆਪਣੇ ਕਬਜ਼ੇ ਵਿਚ ਲਿਆ, ਜਦਕਿ ਇਨ੍ਹਾਂ ਦਾ ਤੀਸਰਾ ਸਾਥੀ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਜਾਣਕਾਰੀ ਦਿੰਦਿਆਂ ਨਵੀਨ ਸਿੰਗਲਾ ਨੇ ਦੱਸਿਆ ਕਿ ਕਾਰ ਮਾਲਕ ਸੁਰਿੰਦਰ ਸਿੰਘ ਵਲੋਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਕਾਰ ਪਲਾਂਟ ਦੇ ਬਾਹਰ ਖੜ੍ਹੀ ਕੀਤੀ ਸੀ, ਜਿਥੋਂ ਕਾਰ ਚੋਰੀ ਹੋ ਗਈ। ਉਨ੍ਹਾਂ ਦੱਸਿਆ ਕਿ ਕਾਰ ਆਪਣੀ ਚਾਬੀ ਤੋਂ ਬਗੈਰ ਨਹੀਂ ਖੁਲ੍ਹ ਸਕਦੀ । ਇਸ ਆਧਾਰ 'ਤੇ ਉਨ੍ਹਾਂ ਨੂੰ ਉਸ ਦੇ ਮੁਲਾਜ਼ਮਾਂ 'ਤੇ ਹੀ ਸ਼ੱਕ ਹੋ ਗਿਆ। ਪੁਲਸ ਨੇ ਸੁਰਿੰਦਰ ਸਿੰਘ ਦੇ ਸਾਬਕਾ ਡਰਾਈਵਰ ਰਣਜੀਤ ਸਿੰਘ ਵਾਸੀ ਸੂਰੇਵਾਲ ਜ਼ਿਲਾ ਹਨੂੰਮਾਨਗੜ੍ਹ ਹਾਲ ਆਬਾਦ ਬਠਿੰਡਾ ਅਤੇ ਪਲਾਂਟ ਦੇ ਮੈਨੇਜਰ ਅਮਨਦੀਪ ਸਿੰਘ ਦੇ ਮੌਜੂਦਾ ਡਰਾਈਵਰ ਕੁਲਦੀਪ ਸਿੰਘ ਉਰਫ ਬੱਗਾ ਵਾਸੀ ਕੁੱਤੀਵਾਲ ਕਲਾਂ ਅਤੇ ਰਣਜੀਤ ਸਿੰਘ ਦੇ ਰਿਸ਼ਤੇਦਾਰ ਸੋਨੂੰ ਵਾਸੀ ਨੂਰਪੁਰ ਨੰਗਲ ਜ਼ਿਲਾ ਜਲੰਧਰ ਹਾਲ ਆਬਾਦ ਬੋਹੜੂ ਨੂੰ ਸਵੇਰੇ ਨਾਮਜ਼ਦ ਕੀਤਾ ਗਿਆ । ਉਕਤ ਤਿੰਨੋਂ ਵਿਅਕਤੀ ਚੋਰੀ ਦੀ ਕਾਰ ਡੱਬਵਾਲੀ ਤੋਂ ਬਠਿੰਡਾ ਦੇ ਆਸ-ਪਾਸ ਵੇਚਣ ਆ ਰਹੇ ਹਨ। ਸੀ. ਆਈ. ਏ. ਟੀਮ ਵਲੋਂ ਜੋਧਪੁਰ 'ਤੇ ਨਾਕੇਬੰਦੀ ਕਰਕੇ ਰਣਜੀਤ ਸਿੰਘ ਅਤੇ ਕੁਲਦੀਪ ਸਿੰਘ ਨੂੰ ਕਾਰ ਸਮੇਤ ਗ੍ਰਿਫਤਾਰ ਕਰ ਲਿਆ । 6 ਮਹੀਨੇ ਪਹਿਲਾਂ ਕੁਲਦੀਪ ਸਿੰਘ ਫੈਕਟਰੀ ਦੇ ਰੀਜਨਲ ਮੈਨੇਜਰ ਅਮਨਦੀਪ ਸਿੰਘ ਦੀ ਨਿੱਜੀ ਕਾਰ ਦਾ ਡਰਾਈਵਰ ਸੀ ਅਤੇ ਰਣਜੀਤ ਸਿੰਘ ਮਾਲਕ ਸੁਰਿੰਦਰ ਸਿੰਘ ਦਾ ਨਿੱਜੀ ਡਰਾਈਵਰ ਸੀ। 1 ਮਹੀਨਾ ਪਹਿਲਾਂ ਬਣਾਈ ਸੀ ਚੋਰੀ ਦੀ ਯੋਜਨਾ: ਮੁਲਜ਼ਮਾਂ ਵਲੋਂ ਇਕ ਮਹੀਨਾ ਪਹਿਲਾਂ ਕਾਰ ਚੋਰੀ ਕਰਨ ਦੀ ਯੋਜਨਾ ਬਣਾਈ ਗਈ ਸੀ। ਯੋਜਨਾ ਅਨੁਸਾਰ ਰਣਜੀਤ ਸਿੰਘ ਨੇ ਕਾਰ ਦੀ ਚਾਬੀ ਗਾਇਬ ਕਰ ਲਈ ਸੀ। ਕਾਰ ਦੇ ਮਾਲਕ ਸੁਰਿੰਦਰ ਸਿੰਘ ਨੇ ਚਾਬੀ ਗੁੰਮ ਹੋਣ ਤੋਂ ਬਾਅਦ ਦੂਜੀ ਚਾਬੀ ਰਣਜੀਤ ਸਿੰਘ ਨੂੰ ਦੇ ਦਿੱਤੀ ਸੀ । ਇਸ ਯੋਜਨਾ ਤੋਂ ਬਾਅਦ ਰਣਜੀਤ ਸਿੰਘ ਨੇ ਆਪਣੇ ਰਿਸ਼ਤੇਦਾਰ ਸੋਨੂੰ ਕੁਮਾਰ ਨੂੰ ਨਾਲ ਕਰ ਲਿਆ ਸੀ। ਯੋਜਨਾ ਅਨੁਸਾਰ ਕਾਰ ਚੋਰੀ ਹੋਣ ਤੋਂ ਇਕ ਹਫਤਾ ਪਹਿਲਾਂ ਰਣਜੀਤ ਸਿੰਘ ਨੇ ਪਤਨੀ ਦੇ ਬੀਮਾਰ ਹੋਣ ਦਾ ਬਹਾਨਾ ਬਣਾ ਕੇ ਨੌਕਰੀ ਛੱਡ ਦਿੱਤੀ ਅਤੇ ਸੁਰਿੰਦਰ ਸਿੰਘ ਨੇ ਆਪਣੀ ਕਾਰ 'ਤੇ ਨਵਾਂ ਡਰਾਈਵਰ ਰੱਖ ਲਿਆ । ਇਸ ਤੋਂ ਬਾਅਦ ਜਦੋਂ ਕਾਰ ਮਾਲਕ ਨੇ ਕਾਰ ਨੂੰ ਪਲਾਂਟ ਦੇ ਬਾਹਰ ਰੋਕਿਆ ਤਾਂ ਚੋਰੀ ਹੋਈ ਚਾਬੀ ਨਾਲ ਸੋਨੂੰ ਕੁਮਾਰ ਕਾਰ ਲੈ ਕੇ ਆਪਣੇ ਪਿੰਡ ਬੋਹੜੂ ਚਲਾ ਗਿਆ । ਕੁਲਦੀਪ ਸਿੰਘ ਅਤੇ ਰਣਜੀਤ ਸਿੰਘ ਹਮਦਰਦੀ ਦੇ ਤੌਰ 'ਤੇ ਸੁਰਿੰਦਰ ਸਿੰਘ ਵਗੈਰਾ ਨਾਲ ਕਾਰ ਦੀ ਤਾਲਾਸ਼ ਕਰਦੇ ਉਨ੍ਹਾਂ ਨਾਲ ਘੁੰਮਦੇ ਰਹੇ। ਯੋਜਨਾ ਅਨੁਸਾਰ ਤਿੰਨਾਂ ਨੇ ਕਾਰ ਵੇਚ ਕਿ ਪੈਸੇ ਆਪਣੇ ਵਿਚ ਵੰਡਣੇ ਸਨ ਪ੍ਰੰਤੂ ਸੋਨੂੰ ਨੂੰ ਕੰਮ ਹੋਣ ਕਾਰਨ ਉਹ ਡੱਬਵਾਲੀ ਉਤਰ ਗਿਆ ਅਤੇ ਉਕਤ ਦੋਵੇਂ ਕਾਰ ਵੇਚਣ ਲਈ ਬਠਿੰਡਾ ਆ ਗਏ।


Related News