ਪ੍ਰਬੰਧਕ ਗੁਰ ਮਰਿਆਦਾ ਅਨੁਸਾਰ ਲੰਗਰ ਦਾ ਪ੍ਰਬੰਧ ਕਰਨ : ਗਿ. ਗੁਰਬਚਨ ਸਿੰਘ
Wednesday, Jun 27, 2018 - 06:53 AM (IST)
ਅੰਮ੍ਰਿਤਸਰ (ਮਮਤਾ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਸਟਰੇਲੀਆ ਦੇ ਗੁਰਦੁਆਰੇ 'ਚ ਕੁਰਸੀਆਂ 'ਤੇ ਬੈਠ ਕੇ ਹੀ ਲੰਗਰ ਛਕਣ ਦੇ ਲਿਖਤੀ ਨਿਰਦੇਸ਼ਾਂ ਦਾ ਸਖਤ ਨੋਟਿਸ ਲੈਂਦਿਆਂ ਇਸ ਨੂੰ ਮਰਿਆਦਾ ਦੇ ਉੁਲਟ ਕਰਾਰ ਦਿੰਦੇ ਹੋਏ ਪ੍ਰਬੰਧਕਾਂ ਨੂੰ ਇਸ ਨੂੰ ਵਾਪਸ ਲੈ ਕੇ ਗੁਰ ਮਰਿਆਦਾ ਅਨੁਸਾਰ ਲੰਗਰ ਦਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਸਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਵੱਲੋਂ ਜਾਣਕਾਰੀ ਮਿਲੀ ਹੈ ਕਿ ਸਿਡਨੀ ਦੇ ਗੁਰਦੁਆਰੇ ਆਸਟਰਲ ਦੇ ਪ੍ਰਬੰਧਕਾਂ ਵੱਲੋਂ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਲੰਗਰ ਪ੍ਰੰਪਰਾ ਦੇ ਉਲਟ ਸੰਗਤ ਨੂੰ ਕੁਰਸੀਆਂ 'ਤੇ ਬੈਠ ਕੇ ਲੰਗਰ ਛਕਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਆਦੇਸ਼ ਹੋ ਚੁੱਕਾ ਹੈ ਕਿ ਸੰਗਤ ਪੰਗਤ ਵਿਚ ਬੈਠ ਕੇ ਹੀ ਪ੍ਰਸ਼ਾਦਾ ਛਕੇ ਪਰ ਜੇਕਰ ਕੋਈ ਅਪਾਹਜ ਹੋਵੇ ਜੋ ਬੈਠਣ ਤੋਂ ਅਸਮਰੱਥ ਹੈ ਉਸ ਦਾ ਵੱਖਰਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿਡਨੀ ਦੇ ਪ੍ਰਬੰਧਕਾਂ ਦਾ ਇਹ ਫਰਮਾਨ ਸਿੱਖੀ ਪ੍ਰੰਪਰਾਵਾਂ ਦੀਆਂ ਧੱਜੀਆਂ ਉਡਾਉਣ ਵਾਲਾ ਹੈ।
ਜਥੇਦਾਰ ਨੇ ਕਿਹਾ ਕਿ ਵਿਦੇਸ਼ਾਂ ਵਿਚ ਜਾ ਕੇ ਸਿੱਖ ਆਪਣੀਆਂ ਪ੍ਰੰਪਰਾਵਾਂ ਤੋਂ ਦੂਰ ਹੋਣ ਦੀ ਬਜਾਏ ਵਿਦੇਸ਼ੀਆਂ ਨੂੰ ਇਹ ਦੱਸਣ ਕਿ ਉਹ ਆਪਣੀਆਂ ਪ੍ਰੰਪਰਾਵਾਂ ਦਾ ਬਾਖੂਬੀ ਪਾਲਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਦੇ ਸਿਧਾਂਤ 'ਪਹਿਲਾਂ ਪੰਗਤ ਪਾਛੈ ਸੰਗਤ' 'ਤੇ ਚੱਲਣਾ ਚਾਹੀਦਾ ਹੈ ਪਰ ਅਸੀਂ ਇਸ ਸਿਧਾਂਤ ਨੂੰ ਤਿਲਾਂਜਲੀ ਦੇ ਰਹੇ ਹਾਂ ਜੋ ਕਿ ਅਫਸੋਸ ਦੀ ਗੱਲ ਹੈ।
