ਹਥਿਆਰਾਂ ਦੀ ਦੁਰਵਰਤੋਂ ’ਤੇ ਪੁਲਸ ਦੀ ਸਖ਼ਤੀ, ਛੇ ਲਾਇਸੈਂਸ ਕੀਤੇ ਰੱਦ
Saturday, Feb 10, 2024 - 06:33 PM (IST)
ਲੁਧਿਆਣਾ (ਰਾਜ) : ਲਾਇਸੈਂਸੀ ਹਥਿਆਰਾਂ ਦੀ ਦੁਰਵਰਤੋਂ ਕਰਨ ਵਾਲਿਆਂ ਖਿਲਾਫ ਕਮਿਸ਼ਨਰੇਟ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਲਾਇਸੈਂਸੀ ਰਿਵਾਲਵਰ ਦੀ ਦੁਰਵਰਤੋਂ ਦੇ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਭ ਤੋਂ ਪਹਿਲਾਂ ਕਾਰਵਾਈ ਕਰਦਿਆਂ ਅਜਿਹੇ 6 ਵਿਅਕਤੀਆਂ ਦੇ ਲਾਇਸੈਂਸੀ ਹਥਿਆਰ ਰੱਦ ਕੀਤੇ ਗਏ ਹਨ ਜਿਨ੍ਹਾਂ ’ਤੇ ਉਨ੍ਹਾਂ ਹਥਿਆਰਾਂ ਦੀ ਦੁਰਵਰਤੋਂ ਕਰਕੇ ਆਰਮ ਨਿਯਮਾਂ ਦੀ ਉਲੰਘਣਾ ਕਰਨ ਅਤੇ ਆਮ ਜਨਤਾ ਦੀ ਜਾਨ ਜ਼ੋਖਮ ਵਿਚ ਪਾਉਣ ਦੇ ਦੋਸ਼ ਵਿਚ ਕੇਸ ਦਰਜ ਹੈ। ਉਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।
ਅਸਲਾ ਸ਼ਾਖਾ ਇੰਚਾਰਜ ਪੀ.ਕੇ. ਸ਼ਰਮਾ ਦੇ ਮੁਤਾਬਕ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਲਾਇਸੈਂਸੀ ਹਥਿਆਰ ਰੱਖਣ ਵਾਲੇ ਲੋਕਾਂ ਨੂੰ ਸਖ਼ਤ ਹੁਕਮ ਦਿੱਤੇ ਹਨ ਕਿ ਭਵਿੱਖ ਵਿੱਚ ਜੇਕਰ ਕੋਈ ਵੀ ਲਾਇਸੈਂਸਧਾਰੀ ਆਰਮ ਨਿਯਮ/ਆਰਮ ਅਧਿਨਿਯਮ ਦੀ ਉਲੰਘਣਾ ਕਰਨਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।