ਆਰਮਡ ਪੁਲਸ ਅਧਿਕਾਰੀ ਬਣ ਧਮਕਾ ਰਿਹਾ ਸੀ ਪੰਜਾਬ ਪੁਲਸ ਨੂੰ, ਕੀਤਾ ਗ੍ਰਿਫਤਾਰ

Thursday, Mar 26, 2020 - 10:22 AM (IST)

ਆਰਮਡ ਪੁਲਸ ਅਧਿਕਾਰੀ ਬਣ ਧਮਕਾ ਰਿਹਾ ਸੀ ਪੰਜਾਬ ਪੁਲਸ ਨੂੰ, ਕੀਤਾ ਗ੍ਰਿਫਤਾਰ

ਲੁਧਿਆਣਾ (ਰਾਮ) - ਕੋਰੋਨਾ ਵਾਇਰਸ ਦੇ ਖਤਰੇ ਦੇ ਐਲਾਨੇ ਕਰਫਿਊ ਦੌਰਾਨ ਆਪਣੀ ਡਿਊਟੀ ਕਰ ਰਹੇ ਪੰਜਾਬ ਪੁਲਸ ਦੇ ਇਕ ਥਾਣੇਦਾਰ ਨੂੰ ਆਰਮੀ ਅਫਸਰ ਹੋਣ ਦਾ ਡਰ ਵਿਖਾਉਣ ਵਾਲੇ ਇਕ ਨੌਸਰਬਾਜ਼ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਕਾਬੂ ਕੀਤੇ ਉਕਤ ਵਿਅਕਤੀ ਖਿਲਾਫ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਥਾਣਾ ਮੋਤੀ ਨਗਰ ਅਧੀਨ ਆਉਂਦੀ ਮੱਛੀ ਮਾਰਕੀਟ, ਸ਼ੇਰਪੁਰ ਕਲਾਂ ’ਚ ਡਿਊਟੀ ਕਰ ਰਹੇ ਥਾਣਾ ਮੋਤੀ ਨਗਰ ਦੇ ਥਾਣੇਦਾਰ ਮੇਵਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਮਾਰਚ ਨੂੰ ਉਹ ਕਰਫਿਊ ਸਬੰਧੀ ਉਕਤ ਸਥਾਨ ’ਤੇ ਨਾਕਾਬੰਦੀ ਸਬੰਧੀ ਮੌਜੂਦ ਸੀ। ਇਸ ਦੌਰਾਨ ਇਕ ਵਿਅਕਤੀ, ਜਿਸ ਨੇ ਖਾਕੀ ਰੰਗ ਦੀ ਪੱਗ, ਚੈੱਕਦਾਰ ਸ਼ਰਟ, ਖਾਕੀ ਪੈਂਟ ਅਤੇ ਲਾਲ ਰੰਗ ਦੇ ਬੂਟ ਪਾਏ ਹੋਏ ਸਨ, ਉਸ ਕੋਲ ਆਇਆ ਅਤੇ ਆਉਂਦੇ ਹੀ ਰੋਅਬ ਝਾਡ਼ਦੇ ਹੋਏ ਕਹਿਣ ਲੱਗਾ ਕਿ ਤੁਸੀਂ ਆਪਣੀ ਡਿਊਟੀ ਠੀਕ ਢੰਗ ਨਾਲ ਨਹੀਂ ਕਰ ਰਹੇ।

ਜਦੋਂ ਥਾਣੇਦਾਰ ਨੇ ਉਸ ਦੀ ਪਛਾਣ ਪੁੱਛੀ ਤਾਂ ਉਸ ਨੇ ਖੁਦ ਨੂੰ ਆਰਮਡ ਪੁਲਸ ਜਲੰਧਰ ਦਾ ਅਧਿਕਾਰੀ ਦੱਸਿਆ ਜਦਕਿ ਆਈ. ਡੀ. ਕਾਰਡ ਅਤੇ ਬਟਾਲੀਅਨ ਬਾਰੇ ਪੁੱਛਣ ’ਤੇ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ, ਜਿਸ ਨੂੰ ਪੁਲਸ ਨੇ ਤੁਰੰਤ ਹਿਰਾਸਤ ’ਚ ਲੈ ਕੇ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਹ ਨਕਲੀ ਅਫਸਰ ਨਿਕਲਿਆ। ਜੋ ਇਕ ਅਸਲੀ ਅਫਸਰ ਨੂੰ ਗੁੰਮਰਾਹ ਕਰਦੇ ਹੋਏ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਥਾਣਾ ਮੋਤੀ ਨਗਰ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਸੁਖਜਿੰਦਰ ਸਿੰਘ ਪੁੱਤਰ ਸੰਤ ਰਾਮ ਵਾਸੀ ਬਚਨ ਕਾਲੋਨੀ, ਨਜ਼ਦੀਕ ਸਰਪੰਚ ਕਾਲੋਨੀ, ਲੁਧਿਆਣਾ ਵਜੋਂ ਹੋਈ ਹੈ।


author

rajwinder kaur

Content Editor

Related News