ਅਨਾਜ ਮੰਡੀ ’ਚ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਸਫ਼ਾਈ ਦੇ ਮਾੜੇ ਪ੍ਰਬੰਧਾਂ ਤੋਂ ਦੁਖੀ ਆੜ੍ਹਤੀਆਂ ਨੇ ਕੀਤੀ ਨਾਅਰੇਬਾਜ਼ੀ
Monday, Jul 13, 2020 - 04:35 PM (IST)
ਭਵਾਨੀਗੜ੍ਹ (ਕਾਂਸਲ) - ਸਥਾਨਕ ਅਨਾਜ ਮੰਡੀ ਮਾੜੀ ਸੀਵਰੇਜ ਪ੍ਰਣਾਲੀ, ਬਰਸਾਤੀ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਬੰਦ ਪਈ ਹੋਣ ਅਤੇ ਸਫ਼ਾਈ ਦੇ ਮਾੜੇ ਪ੍ਰਬੰਧਾਂ ਕਾਰਨ ਬੁਰੀ ਤਰ੍ਹਾਂ ਜਲਥਲ ਹੋ ਗਈ। ਜਿਸ ਕਾਰਨ ਆਉਣ-ਜਾਣ ਲਈ ਕੋਈ ਵੀ ਰਸਤਾ ਨਾ ਹੋਣ ਤੋਂ ਪ੍ਰੇਸ਼ਾਨ ਆੜਤੀਆਂ ਵੱਲੋਂ ਅੱਜ ਆੜਤੀ ਐਸੋ. ਦੇ ਪ੍ਰਧਾਨ ਸੁਖਵੀਰ ਸਿੰਘ ਸੁੱਖੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ, ਮਾਰਕੀਟ ਕਮੇਟੀ, ਸੀਵਰੇਜ਼ ਬੋਰਡ ਅਤੇ ਨਗਰ ਕੌਂਸਲ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਵੀਰ ਸਿੰਘ ਸੁਖੀ ਕਪਿਆਲ, ਤਰਸੇਮ ਸਿੰਘ ਤੂਰ, ਯੋਗੇਸ਼ ਗੋਇਲ, ਜਗਦੇਵ ਸਿੰਘ ਬੁੱਟਰ, ਸਰਬਜੀਤ ਸਿੰਘ ਟੋਨੀ, ਜਸਦੀਪ ਸਿੰਘ, ਪੰਕਜ਼, ਰਾਮ ਚੰਦ, ਸੀਤਾ ਰਾਮ, ਪ੍ਰੇਮ ਚੰਦ, ਰਾਕੇਸ਼ ਕੁਮਾਰ, ਜਤਿੰਦਰ ਕੁਮਾਰ, ਵਿਜੈ ਕੁਮਾਰ ਅਤੇ ਧਰਮਿੰਦਰ ਸਿੰਘ ਆਦਿ ਨੇ ਦੱਸਿਆ ਕਿ ਸ਼ਹਿਰ ਵਿਚਲੀ ਅਨਾਜ ਮੰਡੀ ਜਿਥੇ ਆੜਤ ਦੀਆਂ ਦੁਕਾਨਾਂ ਦੇ ਨਾਲ-ਨਾਲ ਸੈਂਕੜੇ ਰਹਾਇਸ਼ੀ ਘਰ ਅਤੇ ਸਬਜੀ ਮੰਡੀ ਵੀ ਮੌਜੂਦ ਹੈ। ਵਿਚਲੀ ਸੀਵਰੇਜ਼ ਪ੍ਰਣਾਲੀ ਪਿਛਲੇ ਕਈ ਸਾਲਾਂ ਤੋਂ ਖਰਾਬ ਹੋਣ ਕਾਰਨ ਇਥੇ ਬਰਸਾਤੀ ਅਤੇ ਗੰਦੇ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਬੰਦ ਪਈ ਹੈ। ਜਿਸ ਕਾਰਨ ਥੋੜ੍ਹੀ ਜਿਹੀ ਬਰਸਾਤ ਹੋਣ ’ਤੇ ਹੀ ਅਨਾਜ਼ ਮੰਡੀ ਪੂਰੀ ਤਰ੍ਹਾਂ ਜਲਥਲ ਹੋ ਜਾਂਦੀ ਹੈ। ਜਿਸ ਕਾਰਨ ਮੰਡੀ ’ਚ ਆਉਣ ਜਾਣ ਲਈ ਕੋਈ ਵੀ ਰਸਤਾ ਨਹੀਂ ਰਹਿੰਦਾ ਅਤੇ ਕਈ ਕਈ ਦਿਨਾਂ ਤੱਕ ਮੰਡੀ ’ਚ ਪਾਣੀ ਭਰਿਆ ਰਹਿਣ ਕਾਰਨ ਆੜ੍ਹਤੀਆਂ, ਇਥੇ ਰਹਿੰਦੇ ਪਰਿਵਾਰਾਂ ਅਤੇ ਕੰਮ ਕਾਰੋਬਾਰ ਲਈ ਆਉਣ ਵਾਲੇ ਅਤੇ ਸਬਜੀ ਲੈ ਕੇ ਆਉਣ ਵਾਲੇ ਹੋਰ ਲੋਕਾਂ ਨੂੰ ਮੰਡੀ ’ਚ ਆਉਣ ਜਾਣ ਲਈ ਕਾਫੀ ਪ੍ਰੇਸ਼ਾਨੀਆਂ ਦਾ ਜਿਥੇ ਸਹਾਮਣਾ ਕਰਨਾ ਪੈਂਦਾ ਹੈ। ਉਥੇ ਖੜੇ ਪਾਣੀ ਅਤੇ ਸਫਾਈ ਦੇ ਨਾ ਮਾਤਰ ਪ੍ਰਬੰਧਾਂ ਕਾਰਨ ਫੈਲੀ ਗੰਦਗੀ ਕਾਰਨ ਇਥੇ ਬੀਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ।
ਉਨ੍ਹਾਂ ਦੱÎਸਿਆਂ ਕਿ ਮੰਡੀ ਦੀ ਸਫਾਈ ਦੇ ਕੰਮ ਦਾ ਠੇਕਾ ਮਾਰਕਿਟ ਕਮੇਟੀ ਵੱਲੋਂ ਕਿਸ ਨੂੰ ਦਿੱਤਾ ਜਾਂਦਾ ਹੈ ਇਸ ਦੀ ਕੋਈ ਵੀ ਜਾਣਕਾਰੀ ਮਾਰਕਿਟ ਕਮੇਟੀ ਵੱਲੋਂ ਆੜ੍ਹਤੀਆਂ ਨੂੰ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਆੜ੍ਹਤੀਆਂ ਨੇ ਕਥਿਤ ਤੌਰ ’ਤੇ ਪਿਛਲੇ ਲੰਬੇ ਸਮੇਂ ਤੋਂ ਮੰਡੀ ’ਚ ਕਿਸੇ ਠੇਕੇਦਾਰ ਨੂੰ ਸਫਾਈ ਕਰਵਾਉਂਦੇ ਹੋਏ ਦੇਖਿਆ ਹੈ। ਹਰ ਵਾਰ ਫ਼ਸਲਾਂ ਦੇ ਸੀਜ਼ਨ ਦੌਰਾਨ ਆੜ੍ਹਤੀਆਂ ਨੂੰ ਖੁਦ ਹੀ ਮੰਡੀ ਦੀ ਸਫਾਈ ਕਰਵਾਉਣੀ ਪੈਂਦੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਤੋਂ ਮੰਗ ਕੀਤੀ ਕਿ ਮੰਡੀ ’ਚ ਪਾਣੀ ਦੀ ਨਿਕਾਸੀ ਅਤੇ ਸਫਾਈ ਦੇ ਉਚੇਚੇ ਪ੍ਰਬੰਧ ਕਰਵਾਏ ਜਾਣ ਅਤੇ ਸਫਾਈ ਦੇ ਕੰਮ ਨੂੰ ਠੇਕੇ ਉਪਰ ਦੇਣ ਸੰਬੰਧੀ ਹੋ ਰਹੀ ਕਥਿਤ ਘਪਲੇਬਾਜ਼ੀ ਦੀ ਜਾਂਚ ਕਰਵਾਕੇ ਜਿੰਮੇਵਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਮੰਡੀ ਬੋਰਡ ਦੇ ਸੀਵਰੇਜ ਵਿਭਾਗ ਦੇ ਐਸ.ਡੀ.ਓ ਨਛੱਤਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਹਿਕਮੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਲਈ ਜੋ ਕੰਮ ਸੌਪਿਆਂ ਗਿਆ ਹੈ ਉਸ ਦਾ ਟੈਂਡਰ ਹੋ ਗਿਆ ਹੈ, ਜਿਸ ਕੰਮ ਨੂੰ ਉਹ ਜਲਦੀ ਤੋਂ ਜਲਦੀ ਪੂਰਾ ਕਰ ਦਿੱਤਾ ਜਾਵੇਗਾ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸੈਕਟਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਮੰਡੀ ਦੀ ਸਫ਼ਾਈ ਕਰਾਈ ਜਾ ਚੁੱਕੀ ਹੈ ਅਤੇ ਮੰਡੀ ਦੇ ਸੀਵਰੇਜ ਦਾ ਮੇਨ ਕੁਨੈਕਸ਼ਨ ਨਗਰ ਕੌਂਸਲ ਨਾਲ ਜੋੜ ਦਿੱਤੇ ਜਾਣ ਕਾਰਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਆ ਰਹੀ ਹੈ। ਜਿਸ ਨੂੰ ਵੀ ਠੀਕ ਕਰਵਾਇਆ ਜਾ ਰਿਹਾ ਹੈ।